ਆਪੇ ਦੀ ਭਾਲ਼ · ਕਿਸ਼ਤ 02
ਸਕੂਲ ਦਾ ਪਹਿਲਾ ਦਿਨ
ਰਛਪਾਲ ਸਹੋਤਾ
ਸੋਮਵਾਰ, 9 ਨਵੰਬਰ 2026

ਕਾਂਡ 2
“ਔਹ ਸਕੂਲ ਹੈ, ਤੇ ਔਹ ਜਿਹੜਾ ਮੇਜ਼ ਤੇ ਬੈਠਾ ਹੈ,” ਸਕੂਲ ਨੇੜੇ ਜਾ ਕੇ ਹਿੰਮਤ ਨੇ ਇਸ਼ਾਰਾ ਕਰਦੇ ਹੋਏ ਦੱਸਿਆ, “ਮਾਸਟਰ ਜੀ ਹੈ।”
ਜੱਗੀ ਦੇ ਚਾਅ ਦਾ ਕੋਈ ਟਿਕਾਣਾ ਨਹੀਂ ਸੀ, ਉਸ ਦੇ ਦਿਲ ਦੀ ਧੜਕਣ ਥੋੜ੍ਹੀ ਹੋਰ ਤੇਜ਼ ਹੋ ਗਈ।
“ਆਪਾਂ ਲੇ… ਲੇ… ਲੇਟ ਹਾਂ?” ਜੱਗੀ ਨੇ ਤੌਖ਼ਲੇ ਨਾਲ ਪੁੱਛਿਆ।
“ਨਹੀਂ, ਹਾਲੀ ਘੰਟੀ ਨਹੀਂ ਵੱਜੀ,” ਹਿੰਮਤ ਨੇ ਕਿਹਾ।
ਜੱਗੀ ਨੇ ਸਕੂਲ ਦੀ ਚਾਰਦੀਵਾਰੀ ਅੰਦਰ, ਗੇਟ ਦੇ ਦੂਜੇ ਪਾਸੇ ਮੇਜ਼ ਲਾਗੇ ਬੈਠੇ ਸਿੱਖ ਮਾਸਟਰ ਨੂੰ ਗਹੁ ਨਾਲ ਵੇਖਿਆ। ਉਹਨੇ ਗੂੜ੍ਹੇ ਨੀਲੇ ਰੰਗ ਦੀ ਪੱਗ ਬੰਨੀ ਹੋਈ ਸੀ ਅਤੇ ਹਲਕੇ ਨੀਲੇ ਰੰਗ ਦਾ ਕੁੜਤਾ ਪਜਾਮਾ ਪਾਇਆ ਸੀ। ਉਹਦੇ ਪਿਤਾ ਤੋਂ ਵੱਡੀ ਉਮਰ ਦਾ ਅਤੇ ਵੱਡੇ ਕੱਦ ਵਾਲਾ ਸੀ।
ਸਕੂਲ ਦਾ ਵੱਡਾ ਵਿਹੜਾ ਸੀ ਜਿਹੜਾ ਜੱਗੀ ਨੇ ਕਈ ਵਾਰ ਅੱਗੋਂ ਲੰਘਦਿਆਂ ਵੇਖਿਆ ਸੀ, ਪਰ ਅੱਜ ਅੰਦਰ ਵੜਦਿਆਂ ਉਹਦੇ ਪੈਰ ਪਿਛਾਂਹ ਨੂੰ ਖਿੱਚ ਰਹੇ ਸਨ ਤੇ ਉਹਨੇ ਬਿਨਾਂ ਸੋਚੇ, ਹਿੰਮਤ ਦੀ ਕਮੀਜ਼ ਨੂੰ ਹੱਥ ਪਾ ਲਿਆ।
ਬੱਚਿਆਂ ਦੀ ਇੱਕ ਕਤਾਰ, ਖੱਬੇ ਪਾਸੇ ਮਾਸਟਰ ਜੀ ਦੇ ਲਾਗੇ ਬੈਠੀ ਸੀ। ਉਹਦੇ ਮਨ ਚ ਸ਼ੰਕਾ ਹੋਈ ਕਿ ਕੀ ਬੱਚੇ ਉਹਦੇ ਨਾਲ ਖੇਡਣਗੇ ਵੀ। ਕਤਾਰ ਦੇ ਅਖੀਰ ਵਿੱਚ ਜੱਗੀ ਦੀ ਨਜ਼ਰ ਸਰਪੰਚ ਦੇ ਮੁੰਡੇ, ਬੰਤੇ, ਤੇ ਪਈ ਤੇ ਉਹ ਇੱਕ ਦਮ ਘਬਰਾ ਗਿਆ। ਜੱਗੀ ਬੰਤੇ ਨੂੰ ਗੁਰਦਵਾਰੇ ਅਕਸਰ ਹੀ ਵੇਖਦਾ ਸੀ, ਜਿੱਥੇ ਉਹ ਤੇ ਉਹਦੇ ਹੋਰ ਖਰੂਦੀ ਦੋਸਤ ਹਮੇਸ਼ਾ ਰੌਲਾ ਪਾਉਂਦੇ, ਭੱਜਦੇ ਨੱਠਦੇ ਰਹਿੰਦੇ ਸਨ ਤੇ ਗੁਰਦਵਾਰੇ ਦੇ ਭਾਈ ਜੀ ਦੇ ਕਹਿਣ ਤੇ ਵੀ ਨਹੀਂ ਸਨ ਰੁਕਦੇ। ਜੱਗੀ ਨੂੰ ਡਰ ਲੱਗਾ ਕਿ ਕਿਤੇ ਉਹਨੂੰ, ਉਸ ਕਤਾਰ ਵਿੱਚ ਨਾ ਬੈਠਣਾ ਪੈ ਜਾਵੇ।
ਇੱਕ ਕਤਾਰ ਮਾਸਟਰ ਜੀ ਦੇ ਸੱਜੇ ਪਾਸੇ ਬੈਠੀ ਸੀ। ‘ਸ਼ਾਇਦ ਮੈਂ ਉੱਥੇ ਬੈਠ ਜਾਵਾਂ,’ ਉਹਨੇ ਸੋਚਿਆ। ਪਰ ਉਹ ਹਿੰਮਤ ਦੇ ਲਾਗੇ ਬੈਠਣਾ ਚਾਹੁੰਦਾ ਸੀ ਤੇ ਵਰਾਂਡੇ ਵਿੱਚ ਵੱਡੇ ਬੱਚੇ ਬੈਠੇ ਸਨ, ਹਿੰਮਤ ਦੀ ਉਮਰ ਦੇ। ਉਹਨਾਂ ਤੋਂ ਪਰੇ ਦੋ ਕਮਰੇ ਸਨ, ਤੇ ਬਾਰੀ ਵਿੱਚੋਂ ਅੰਦਰ ਬੈਠੇ ਬੱਚੇ ਹੋਰ ਵੀ ਵੱਡੇ ਲਗਦੇ ਸਨ।
ਦੋਨੋਂ ਮੇਜ਼ ਦੇ ਲਾਗੇ ਰੁਕ ਗਏ ਤੇ ਸੁਰਜੀਤ ਸਿੰਘ ਨੇ ਉਹਨਾਂ ਵੱਲ ਵੇਖਿਆ। ਉਹ ਹਿੰਮਤ ਨੂੰ ਤਾਂ ਜਾਣਦਾ ਸੀ, ਪਰ ਦੂਜਾ, ਨਿੱਕਾ ਬੱਚਾ ਨਵਾਂ ਸੀ।
“ਮਹਾਟਰ ਜੀ, ਇਹਦਾ ਨਾਂ ਰਜਿਸਟਰ ਵਿੱਚ ਲਿਖ ਲਓ,” ਹਿੰਮਤ ਨੇ ਕਿਹਾ।
ਉਹਨਾਂ ਦਿਨਾਂ ਵਿੱਚ ਸਕੂਲੇ ਬੱਚਾ ਦਾਖ਼ਲ ਕਰਵਾਉਣ ਲਈ ਤਸਦੀਕ ਸ਼ੁਦਾ ਦਸਤਾਵੇਜ਼ਾਂ ਦੀ ਲੋੜ ਨਹੀਂ ਸੀ ਹੁੰਦੀ। ਕੋਈ ਵਡੇਰੀ ਜਮਾਤ ਦਾ ਵਿਦਿਆਰਥੀ ਜਾਂ ਪਰਿਵਾਰਕ ਮੈਂਬਰ, ਜੋ ਬੱਚੇ ਦੇ ਨਾਲ ਆਇਆ ਹੋਵੇ, ਬੱਚੇ ਦਾ ਨਾਂ, ਜਨਮ ਤਰੀਕ, ਮਾਂ ਬਾਪ ਦੇ ਨਾਂ ਆਦਿਕ, ਲੋੜੀਂਦੀ ਜਾਣਕਾਰੀ ਦੇ ਦਿਆ ਕਰਦਾ ਸੀ। ਇਹ ਜਾਣਕਾਰੀ ਬੱਚੇ ਦੀ ਹੋਂਦ ਦਾ ਇੱਕੋ ਇੱਕ ਸਥਾਈ ਰਿਕਾਰਡ ਬਣ ਜਾਂਦੀ ਸੀ, ਜਿਹੜਾ ਉਹਨੂੰ ਬਾਅਦ ਵਿੱਚ ਸਾਰੀ ਉਮਰ ਸਕੂਲਾਂ ਕਾਲਜਾਂ ਵਿੱਚ ਦਾਖ਼ਲੇ, ਜਾਂ ਨੌਕਰੀਆਂ ਆਦਿ ਲੈਣ ਲਈ ਕੰਮ ਆਉਂਦਾ ਸੀ। ਬਿੰਦੋ ਨੇ ਲੋੜ ਨਹੀਂ ਸਮਝੀ ਕਿ ਉਹ ਜਾਂ ਤੇਜਾ, ਜੱਗੀ ਦੇ ਨਾਲ ਸਕੂਲੇ ਜਾਣ। ਉਸ ਨੂੰ ਪੂਰਾ ਭਰੋਸਾ ਸੀ ਕਿ ਜੱਗੀ ਇਹ ਜਾਣਕਾਰੀ ਖ਼ੁਦ ਦੇਣ ਯੋਗ ਹੈ, ਤੇ ਫਿਰ ਹਿੰਮਤ ਵੀ ਤਾਂ ਉਹਦੇ ਨਾਲ ਸੀ।
ਪੁੱਤਰ ਕੀ ਨਾਂ ਹੈ ਤੇਰਾ? ਸੁਰਜੀਤ ਸਿੰਘ ਨੇ ਬੱਚੇ ਵੱਲ ਵੇਖਦੇ ਹੋਏ ਪੁੱਛਿਆ।
ਲਾਗੇ ਬੈਠੀਆਂ ਦੋਵਾਂ ਜਮਾਤਾਂ ਦੇ ਵਿਦਿਆਰਥੀ, ਨਵੇਂ ਆਏ ਬੱਚੇ ਬਾਰੇ ਉਤਸੁਕਤਾ ਨਾਲ, ਚੁਕੰਨੇ ਹੋ ਗਏ।
“ਜੀ, ਜ… ਜ… ਜੱ… ਜੱਗੀ” ਮੁੰਡੇ ਨੇ ਥਥਲਾਉਂਦੇ ਕਿਹਾ।
ਬੱਚਿਆਂ ਚ ਜ਼ੋਰ ਦਾ ਹਾਸਾ ਪੈ ਗਿਆ, ਤੇ ਜੱਗੀ ਦਾ ਸਰੀਰ ਸੁੰਗੜ ਕੇ ਹੋਰ ਵੀ ਨਿੱਕਾ ਹੋ ਗਿਆ।
ਸੁਰਜੀਤ ਸਿੰਘ ਨੇ ਬੱਚੇ ਨੂੰ ਲਾਗੇ ਬੁਲਾਇਆ, “ਉਰੇ ਆ ਬੇਟੇ। ਕੋਈ ਗੱਲ ਨਹੀਂ, ਅੱਜ ਤੇਰਾ ਪਹਿਲਾ ਦਿਨ ਏ।”
ਜੱਗੀ ਨੇ ਹਾਂ ਵਿੱਚ ਸਿਰ ਹਿਲਾਇਆ।
“ਤੇਰੇ ਪਿਤਾ ਦਾ ਕੀ ਨਾਂ ਹੈ?”
“ਜੀ ਤੇ… ਤੇ… ਤੇ…,”
ਇਸ ਤੋਂ ਪਹਿਲਾਂ ਕੇ ਉਹ ਜਵਾਬ ਪੂਰਾ ਕਰ ਸਕਦਾ, ਬੱਚਿਆਂ ਚ ਦੁਬਾਰਾ, ਹੋਰ ਵੀ ਜ਼ੋਰ ਦਾ ਹਾਸਾ ਪੈ ਗਿਆ।
“ਚੁੱਪ, ਸਾਰੇ ਆਪਣਾ ਆਪਣਾ ਕੰਮ ਕਰੋ,” ਸੁਰਜੀਤ ਸਿੰਘ ਨੇ ਉੱਚੀ ਬੋਲ ਸਾਰਿਆਂ ਨੂੰ ਚੁੱਪ ਕਰਾ ਦਿੱਤਾ।
“ਆਪਣੇ ਬਾਪੂ ਜੀ ਨੂੰ ਕਹੀਂ, ਕੱਲ੍ਹ ਮੈਨੂੰ ਆਕੇ ਮਿਲਣ, ਠੀਕ?” ਸੁਰਜੀਤ ਸਿੰਘ ਨੇ ਕਿਹਾ। ਜੱਗੀ ਨੇ ਹਾਂ ਵਿੱਚ ਸਿਰ ਹਿਲਾਇਆ।
ਹੁਣ ਤੁਸੀਂ ਦੋਵੇਂ ਆਪਣੀ ਆਪਣੀ ਜਮਾਤ ਵਿੱਚ ਚੱਲੋ, ਤੇ ਬੇਟੇ, ਤੇਰੀ ਔਹ ਜਮਾਤ ਹੈ, ਸੁਰਜੀਤ ਸਿੰਘ ਨੇ ਪਹਿਲੀ ਜਮਾਤ ਵੱਲ, ਜਿੱਥੇ ਬੰਤਾ ਬੈਠਾ ਸੀ, ਇਸ਼ਾਰਾ ਕਰਦਿਆਂ ਜੱਗੀ ਨੂੰ ਕਿਹਾ।
ਜਦੋਂ ਹਿੰਮਤ ਵਰਾਂਡੇ ਵਿੱਚ ਬੈਠੀ ਆਪਣੀ ਕਲਾਸ ਵੱਲ ਤੁਰਿਆ, ਤਾਂ ਇਕੱਲੇ ਰਹਿ ਜਾਣ ਦੇ ਅਹਿਸਾਸ ਨਾਲ, ਜੱਗੀ ਦਾ ਦਿਲ ਕੰਬ ਗਿਆ। ਜਦੋਂ ਉਹ ਜਾ ਕੇ ਬੰਤੇ ਦੇ ਕੋਲ ਬੈਠਾ ਤਾਂ ਉਹਦਾ ਦਿਲ ਜ਼ੋਰ ਨਾਲ, ਧੱਕ ਧੱਕ ਕਰ ਰਿਹਾ ਸੀ।
“ਇਹ ਹਕਲ਼ਾ ਏ,” ਬੰਦੇ ਨੇ ਆਪਣੇ ਦੋਸਤਾਂ ਨੂੰ ਦੱਸਿਆ, ਅਤੇ ਬੰਤੇ ਦੇ ਨਾਲ ਕਈ ਹੋਰਨਾਂ ਦਾ ਦਬਿਆ ਹਾਸਾ ਜੱਗੀ ਦੇ ਕੰਨੀਂ ਪਿਆ।
ਹਰੇਕ ਸਵੇਰ, ਪਹਿਲੀ ਜਮਾਤ ਨੂੰ ਵਰਨਮਾਲਾ ਸਿਖਾਉਣ ਦੀ ਡਿਊਟੀ ਤੀਜੀ ਤੇ ਚੌਥੀ ਜਮਾਤ ਵਾਲਿਆਂ ਦੀ ਹੁੰਦੀ ਸੀ। ਪਹਿਲੀ ਜਮਾਤ ਦੇ ਬੱਚੇ ਫੱਟੀਆਂ ਉੱਤੇ ਅੱਖਰ ਲਿਖਿਆ ਕਰਦੇ ਸਨ। ਸਿਖਾਉਣ ਵਾਲਾ ਵਿਦਿਆਰਥੀ ਪੈਨਸਿਲ ਨਾਲ ਫੱਟੀ ਤੇ ਅੱਖਰ ਉਲੀਕ ਦਿੰਦਾ, ਜਿਸ ਤੇ ਸਿੱਖਣ ਵਾਲੇ ਨੇ ਕਲਮ ਨਾਲ ਸਿਆਹੀ ਫੇਰਨੀ ਹੁੰਦੀ ਸੀ। ਜੱਗੀ ਨੂੰ ਸਿਖਾਉਣ ਦੀ ਜ਼ਿੰਮੇਵਾਰੀ ਹਿੰਮਤ ਨੂੰ ਮਿਲੀ। ਜੱਗੀ ਨੇ ਬਹੁਤ ਧਿਆਨ ਨਾਲ ਉਹਨੂੰ ਅੱਖਰ ਉਲੀਕਦਿਆਂ ਵੇਖਿਆ ਤੇ ਜਦੋਂ ਹਿੰਮਤ ਨੇ ਫੱਟੀ ਵਾਪਸ ਉਹਨੂੰ ਫੜਾਈ ਤਾਂ ਜੱਗੀ, ਬਹੁਤ ਸੁਚੱਜਤਾ ਅਤੇ ਸਹੀ ਢੰਗ ਨਾਲ, ਅੱਖਰਾਂ ਤੇ ਕਲਮ ਨਾਲ ਸਿਆਹੀ ਫੇਰਨ ਲੱਗ ਗਿਆ। ਲੱਗਦਾ ਸੀ ਜਿਵੇਂ ਉਹਨੂੰ ਅੱਖਰਾਂ ਦੀ ਪਛਾਣ ਸੀ।
“ਤੈਨੂੰ ਪੈਂਤੀ ਆਉਦੀ ਏ?” ਹਿੰਮਤ ਨੇ ਪੁੱਛਿਆ।
“ਹਾਂ,” ਜੱਗੀ ਨੇ ਸਿਰ ਹਿਲਾਇਆ। ਉਹਨੂੰ ਸਾਰੇ ਅੱਖਰਾਂ ਦੀ ਪਹਿਚਾਣ ਸੀ; ਉਹਦੀ ਮਾਂ ਨੇ ਉਹਨੂੰ ਪਹਿਲਾਂ ਹੀ ਸਾਰੀ ਵਰਨਮਾਲਾ ਸਿਖਾ ਦਿੱਤੀ ਸੀ।
“ਜਦੋਂ ਤੂੰ ਇਹ ਮੁਕਾ ਲਿਆ, ਫੱਟੀ ਨੂੰ ਸੁੱਕਣ ਲਈ ਆਹ ਪਿੱਛੇ ਕੰਧ ਨਾਲ ਖੜ੍ਹੀ ਕਰ ਦੇਈਂ। ਟੋਭੇ ਤੇ ਫੱਟੀਆਂ ਧੋਣ ਜਾਣ ਤੋਂ ਪਹਿਲਾਂ ਥੋਡੇ ਮਨੀਟਰ ਨੇ ਇਹ ਫੱਟੀ ਵੇਖਣੀ ਹੈ,” ਹਿੰਮਤ ਦੱਸ ਕੇ ਚਲਾ ਗਿਆ।
ਜੱਗੀ, ਫੱਟੀ ਲਿਖਣ ਦਾ ਸੌਖਾ ਜਿਹਾ ਕੰਮ, ਖ਼ੁਸ਼ੀ ਖ਼ੁਸ਼ੀ, ਸਭ ਤੋਂ ਪਹਿਲਾਂ ਮੁਕਾ ਕੇ ਕੰਧ ਨਾਲ ਫੱਟੀ ਖੜ੍ਹੀ ਕਰਨ ਲਈ ਉੱਠਿਆ। ਨਾਲ ਹੀ ਬੰਤਾ ਵੀ ਉੱਠ ਖਲੋਤਾ ਤੇ ਜੱਗੀ ਨੂੰ ਧੱਕਾ ਦੇ ਦਿੱਤਾ। ਜੱਗੀ ਦਾ ਪੈਰ ਥਿੜਕ ਕੇ ਆਪਣੀ ਹੀ ਸਿਆਹੀ ਦੀ ਦਵਾਤ ਤੇ ਜਾ ਵੱਜਾ ਅਤੇ ਉਹਦੀ ਫੱਟੀ, ਸੱਜੇ ਪੈਰ ਦਾ ਸੈਂਡਲ ਅਤੇ ਸੱਜੀ ਲੱਤ, ਸਾਰੇ ਸਿਆਹੀ ਨਾਲ ਲਿੱਬੜ ਗਏ। ਉਹਨੂੰ ਗ਼ੁੱਸਾ ਆਇਆ ਤੇ ਉਹਨੇ ਬੰਤੇ ਨੂੰ ਜ਼ੋਰ ਨਾਲ ਧੱਕਾ ਦੇ ਦਿੱਤਾ। ਬੰਤਾ ਥਾੜ ਦੇਣੇ ਥੱਲੇ ਡਿੱਗਾ ਅਤੇ ਉਹਦੇ ਡਿੱਗਣ ਦੀ ਆਵਾਜ਼ ਨੇ ਸਣੇ ਮਾਸਟਰ, ਸਾਰਿਆਂ ਦਾ ਧਿਆਨ ਖਿੱਚ ਲਿਆ। ਮਾਸਟਰ ਨੇ ਖਿੱਲਰੀ ਸਿਆਹੀ ਵੇਖੀ ਤਾਂ ਜੱਗੀ ਨੂੰ ਆਪਣੇ ਕੋਲ ਆਉਣ ਲਈ ਇਸ਼ਾਰਾ ਕੀਤਾ। ਮਾਸਟਰ ਤੀਕ ਦੇ ਉਸ ਲੰਮੇ ਸਫ਼ਰ ਤੇ ਤੁਰੇ ਜਾਂਦਿਆਂ, ਜੱਗੀ ਨੂੰ ਆਪਣੇ ਤੇ ਟਿਕੀਆਂ ਬੱਚਿਆਂ ਦੀਆਂ ਅੱਖਾਂ ਦਾ ਪੂਰਾ ਅਹਿਸਾਸ ਸੀ।
“ਇਹ ਤੂੰ ਕਿਉਂ ਕੀਤਾ?” ਮਾਸਟਰ ਨੇ ਸਖ਼ਤ ਲਹਿਜ਼ੇ ਨਾਲ ਪੁੱਛਿਆ। ਜੱਗੀ ਨੂੰ ਆਪਣੇ ਹਕਲ਼ਾਉਣ ਤੇ ਪਏ ਹਾਸੇ ਦਾ ਚੇਤਾ ਸੀ; ਉਹ ਚੁੱਪ ਰਿਹਾ।
ਸੁਰਜੀਤ ਸਿੰਘ ਨੇ ਆਪਣਾ ਸੁਆਲ ਦੋ ਵਾਰ ਦੁਹਰਾਇਆ, ਪਰ ਜੱਗੀ ਨਾ ਬੋਲਿਆ। “ਹੂੰ, ਤਾਂ ਇਹ ਗੱਲ ਏ!” ਸੁਰਜੀਤ ਸਿੰਘ ਬੋਲਿਆ। “ਚੰਗਾ, ਪੰਜ ਮਿੰਟ ਲਈ ਮੁਰਗ਼ਾ ਬਣ ਜਾ।”
ਜੱਗੀ ਨੂੰ ਪਤਾ ਨਹੀਂ ਸੀ ਕਿ ਮੁਰਗ਼ਾ ਬਣਨ ਦਾ ਕੀ ਮਤਲਬ ਹੁੰਦਾ ਏ।
ਉਹਦੀ ਉਲਝਣ ਵੇਖ ਮਾਸਟਰ ਨੇ ਬੰਤੇ ਨੂੰ ਇਸ਼ਾਰੇ ਨਾਲ ਕੋਲ ਬੁਲਾਇਆ। “ਇਹਨੂੰ ਵਿਖਾ ਮੁਰਗ਼ਾ ਕਿਵੇਂ ਬਣੀਦਾ ਹੈ।”
ਅੰਨ੍ਹਾ ਕੀ ਭਾਲੇ ਦੋ ਅੱਖਾਂ? ਇੱਕ ਖਚਰੀ ਮੁਸਕਾਨ ਬੰਤੇ ਦੇ ਚਿਹਰੇ ਤੇ ਖਿੱਲਰ ਗਈ। ਉਹ ਅੱਗੇ ਵਧਿਆ, ਤੇ ਕੋਡਾ ਹੋਕੇ, ਲੱਤਾਂ ਵਿਚੋਂ ਦੀ ਬਾਂਹਾਂ ਕੱਢ ਕੇ ਆਪਣੇ ਕੰਨ ਫੜ ਲਏ ਅਤੇ ਆਸਣ ਦੀ ਕਠਨਾਈ ਵਧਾਉਣ ਲਈ, ਆਪਣਾ ਪਿਛਵਾੜਾ ਜਿੰਨਾ ਉੱਚਾ ਚੁੱਕ ਸਕਦਾ ਸੀ, ਚੁੱਕ ਲਿਆ।
ਜੱਗੀ ਮੁਰਗ਼ਾ ਬਣ ਗਿਆ। ਉਹਦੇ ਲਈ ਇਹ ਮੁਸ਼ਕਲ ਨਾਲ਼ੋਂ ਕਿਤੇ ਜ਼ਿਆਦਾ, ਸ਼ਰਮ ਵਾਲੀ ਗੱਲ ਸੀ। ਭਾਵੇਂ ਮਾਸਟਰ ਸੁਰਜੀਤ ਸਿੰਘ ਨੇ ਉਹਨੂੰ ਦੋ ਕੁ ਮਿੰਟਾਂ ਬਾਅਦ ਹੀ ਵਾਪਸ ਸੀਟ ਤੇ ਭੇਜ ਦਿੱਤਾ, ਪਰ ਜੋ ਹੋਣਾ ਸੀ, ਉਹ ਹੋ ਚੁੱਕਾ ਸੀ; ਸਾਰੇ ਸਕੂਲ ਸਾਹਮਣੇ ਉਸ ਦੀ ਬੇਇੱਜ਼ਤੀ ਹੋ ਗਈ ਸੀ, ਤੇ ਉਹਦਾ ਹੁਣ ਇੱਕ ਮਿੰਟ ਵੀ ਹੋਰ ਸਕੂਲ ਚ ਰਹਿਣ ਨੂੰ ਜੀ ਨਹੀਂ ਸੀ ਕਰਦਾ।
ਲਿਖਣ ਤੋਂ ਬਾਅਦ ਬੱਚੇ ਫੱਟੀਆਂ ਧੋਣ ਤੇ ਉਹਨਾਂ ਤੇ ਦੁਬਾਰਾ ਗਾਚੀ ਦਾ ਲੇਪ ਕਰਨ ਲਈ ਟੋਭੇ ਤੇ ਜਾਇਆ ਕਰਦੇ ਸਨ ਅਤੇ ਵਾਪਸ ਲਿਆ ਉਹਨਾਂ ਨੂੰ ਸੁਕਾਉਣ ਲਈ ਕੰਧ ਨਾਲ ਖੜ੍ਹਾ ਕਰ ਦਿੰਦੇ ਸਨ। ਕਈ ਫੱਟੀਆਂ ਦੇ ਸੁੱਕਣ ਦੀ ਸਪੀਡ ਨੂੰ ਤੇਜ਼ ਕਰਨ ਲਈ ਫੱਟੀਆਂ ਨੂੰ ਹਵਾ ਵਿੱਚ ਘੁਮਾਉਂਦੇ ਘੁਮਾਉਂਦੇ ਗਾਇਆ ਕਰਦੇ:
‘ਸੂਰਜਾ ਸੂਰਜਾ ਫੱਟੀ ਸੁਕਾ,
ਅੱਜ ਤੇਰੀ ਮੰਗਣੀ, ਕੱਲ੍ਹ ਤੇਰਾ ਵਿਆਹ।’
ਜੱਗੀ ਦਾ ਵੀ ਦੂਜੇ ਬੱਚਿਆਂ ਵਾਂਗ ਫੱਟੀ ਘੁਮਾਉਣ ਤੇ ਨਾਲ ਨਾਲ ਗਾਉਣ ਨੂੰ ਜੀ ਕੀਤਾ। ਪਰ ਉਹਨੇ ਫੱਟੀ ਨਿੰਮ ਦੇ ਦਰੱਖਤ ਨਾਲ ਖੜ੍ਹੀ ਕਰ ਦਿੱਤੀ ਤੇ ਇੱਕ ਪਾਸੇ ਚੁੱਪ ਕਰਕੇ ਬੈਠ ਗਿਆ। ਉਹਨਾਂ ਦੇ ਘਰ ਦੇ ਮੂਹਰੇ ਵੀ ਇੱਕ ਨਿੰਮ ਸੀ। ਜੱਗੀ ਨੂੰ ਉਸ ਨਿੰਮ ਤੇ ਚੜ੍ਹਨ ਦਾ ਬਹੁਤ ਸ਼ੌਕ ਸੀ। ਉਹਦੀ ਮਾਂ ਨਿਮੋਲ਼ੀਆਂ ਦਾ ਸਾਬਣ ਬਣਾਇਆ ਕਰਦੀ ਸੀ।
“ਨਿਮੋਲ਼ੀਆਂ ਦੇ ਸਾਬਣ ਨਾਲ ਨਹਾਓ ਤਾਂ ਪਿੰਡੇ ਤੇ ਫੋੜੇ ਫਿਨਸੀ ਨਹੀਂ ਹੁੰਦੇ,” ਉਹਦੀ ਮਾਂ ਕਿਹਾ ਕਰਦੀ ਸੀ। ਪਰ ਜੱਗੀ ਨੂੰ ਆਹ ਨਿੰਮ ਦਾ ਦਰੱਖਤ ਚੰਗਾ ਨਾ ਲੱਗਾ।
ਅੱਧੀ ਛੁੱਟੀ ਵੇਲੇ ਹਿੰਮਤ ਅਤੇ ਉਹ ਖਾਣਾ ਖਾਣ ਲਈ ਸਕੂਲ ਦੇ ਵਿਹੜੇ ਦੀ ਕੰਧ ਦੇ ਬਾਹਰਲੇ ਪਾਸੇ ਡਿੱਗੇ ਇੱਕ ਦਰੱਖਤ ਦੇ ਮੁੱਢ ਤੇ ਬੈਠ ਗਏ।
“ਤੂੰ ਬੰਤੇ ਨੂੰ ਧੱਕਾ ਕਿਉਂ ਮਾਰਿਆ ਸੀ?” ਹਿੰਮਤ ਨੇ ਪੁੱਛਿਆ।
“ਉਹ… ਉਹਨੇ ਪੈ… ਪਹਿਲਾਂ ਮੈਨੂੰ ਧੱ… ਧੱ.. ਧੱਕਾ ਮਾਰਿਆ ਸੀ।”
“ਫੇਰ ਤੂੰ ਮਾਸਟਰ ਜੀ ਨੂੰ ਕਿਉਂ ਨਹੀਂ ਦੱਸਿਆ?”
ਜੱਗੀ ਨੇ ਕੋਈ ਜਵਾਬ ਨਾ ਦਿੱਤਾ, ਤੇ ਹਿੰਮਤ ਨੇ ਵੀ ਦੁਬਾਰਾ ਨਾ ਪੁੱਛਿਆ।
ਹਾਲਾਂ ਉਹਨਾਂ ਨੇ ਖਾਣਾ ਮੁਕਾਇਆ ਵੀ ਨਹੀਂ ਸੀ ਕਿ ਹਿੰਮਤ ਦੇ ਕੁੱਝ ਦੋਸਤ ਬੰਟੇ ਖੇਡਣ ਲਈ ਬਾਹਰ ਆ ਗਏ। ਜੱਗੀ ਬੰਟੇ ਵਧੀਆ ਖੇਡ ਲੈਂਦਾ ਸੀ। ਬੰਟੇ ਖੇਡਣ ਲਈ ਬੱਚੇ ਜ਼ਮੀਨ ਤੇ ਇੱਕ ਨਿੱਕਾ ਜਿਹਾ ਚੱਕਰ ਵਾਹ ਲੈਂਦੇ ਸਨ ਜਿਸ ਵਿੱਚ ਉਹ ਆਪਣੇ ਆਪਣੇ ਬੰਟੇ ਰੱਖ ਦਿੰਦੇ ਸਨ। ਜਿੱਤਣ ਲਈ ਉਹਨਾਂ ਨੂੰ, ਆਪਣੀ ਵਾਰੀ ਸਿਰ ਇੱਕ ਮਿਥੀ ਜਗ੍ਹਾ ਤੋਂ, ਥੋੜ੍ਹੇ ਵੱਡੇ ਸਾਈਜ਼ ਦੇ ਬੰਟੇ ਨਾਲ, ਨਿਸ਼ਾਨਾ ਲਾਕੇ, ਰੱਖੇ ਬੰਟਿਆਂ ਨੂੰ ਚੱਕਰ ਵਿਚੋਂ ਬਾਹਰ ਕੱਢਣਾ ਹੁੰਦਾ ਸੀ।
ਹਿੰਮਤ ਦੇ ਦੋ ਦੋਸਤਾਂ ਨੇ ਹਿੰਮਤ ਅਤੇ ਜੱਗੀ ਦੇ ਲਾਗੇ ਹੀ ਚੱਕਰ ਵਾਹ ਲਿਆ।
“ਹਿੰਮਤ, ਬੰਟੇ?” ਇੱਕ ਬੋਲਿਆ।
“ਬੱਸ ਇੱਕ ਮਿੰਟ,” ਹਿੰਮਤ ਨੇ ਕਿਹਾ।
“ਜਲਦੀ ਮੁਕਾ ਲੈ, ਆਪਾਂ ਖੇਡਣਾ ਏ,” ਹਿੰਮਤ ਨੇ ਜੱਗੀ ਨੂੰ ਕਿਹਾ।
“ਮੇਰੇ ਕੋਲ ਬੰ… ਬੰਟੇ ਨਹੀਂ,” ਜੱਗੀ ਬੋਲਿਆ।
“ਮੇਰੇ ਕੋਲ ਵਾਧੂ ਨੇ,” ਹਿੰਮਤ ਨੇ ਕਿਹਾ ਅਤੇ ਆਪਣੇ ਖੀਸੇ ਚੋਂ ਕੁੱਝ ਕੱਢ ਕੇ ਜੱਗੀ ਨੂੰ ਦੇ ਦਿੱਤੇ। ਦੋਵੇਂ ਫਟਾਫਟ ਖਾਣਾ ਮੁਕਾ ਕੇ ਉਹਨਾਂ ਨਾਲ ਰਲ਼ ਗਏ।
ਜੱਗੀ ਤੇ ਹਿੰਮਤ ਨੇ ਹਾਲੀ ਬੰਟੇ ਦਾਇਰੇ ਵਿੱਚ ਰੱਖੇ ਹੀ ਸਨ ਕਿ ਭੱਜਿਆ ਭੱਜਿਆ ਬੰਤਾ ਆਇਆ ਤੇ “ਮੈਂ ਵੀ ਖੇਡਣਾ ਏ,” ਕਹਿ, ਆਪਣੇ ਦੋ ਬੰਟੇ ਚੱਕਰ ਵਿੱਚ ਰੱਖ ਦਿੱਤੇ। ਹਿੰਮਤ ਨੇ ਉਹਦੇ ਬੰਟੇ ਚੁੱਕ ਕੇ ਵਗਾਹ ਮਾਰੇ।
“ਚੱਲ ਐਥੋਂ, ਜਾ ਕੇ ਆਪਣੇ ਨਾਲ ਦਿਆਂ ਨਾਲ ਖੇਡ,” ਹਿੰਮਤ ਨੇ ਪਹਿਲੀ ਜਮਾਤ ਵਾਲਿਆਂ ਵੱਲ ਇਸ਼ਾਰਾ ਕਰਦਿਆਂ ਕਿਹਾ।
“ਫੇਰ ਇਹ ਐਥੇ ਕਿਉਂ ਖੇਡ ਰਿਹਾ ਏ?” ਬੰਤੇ ਨੇ ਜੱਗੀ ਵੱਲ ਇਸ਼ਾਰਾ ਕੀਤਾ।
“ਸਾਡੀ ਮਰਜ਼ੀ,” ਹਿੰਮਤ ਸਖ਼ਤੀ ਨਾਲ ਬੋਲਿਆ।
ਬੰਤੇ ਨੇ ਹਿੰਮਤ ਵੱਲ ਅੱਗ ਬਬੂਲਾ ਹੋਕੇ ਵੇਖਿਆ। ਹਿੰਮਤ ਉਸ ਤੋਂ ਵੱਡੀ ਉਮਰ ਤੇ ਵੱਡੇ ਕੱਦ ਦਾ ਸੀ। ਉਹਨੇ ਘੂਰ ਕੇ ਬੰਤੇ ਵੱਲ ਵੇਖਿਆ।
“ਸਾਲਾ ਝਿਊਰ,” ਕਹਿੰਦਾ ਬੰਤਾ ਸੁੱਟੇ ਬੰਟੇ ਚੁੱਕਣ ਤੁਰ ਪਿਆ।
ਜੱਗੀ ਨੇ ਹਿੰਮਤ ਦੀਆਂ ਅੱਖਾਂ ਵਿੱਚ ਭੜਕਦਾ ਗ਼ੁੱਸਾ ਵੇਖਿਆ ਤੇ ਉਹਨੂੰ ਲੱਗਾ ਉਹ ਬੰਤੇ ਮਗਰ ਜਾਵੇਗਾ। ਪਰ ਹਿੰਮਤ ਨੇ ਇੱਕ ਲੰਮਾ ਸਾਹ ਲਿਆ ਤੇ ਖੇਡਣ ਵਿੱਚ ਰੁੱਝ ਗਿਆ।
ਅਗਲੇ ਦਿਨ ਜੱਗੀ ਦਾ ਪਿਤਾ, ਤੇਜਾ, ਸਕੂਲੇ ਆਇਆ।
“ਸਾਸਰੀਕਾਲ ਮਹਾਟਰ ਜੀ, ਜੱਗੀ ਮੇਰਾ ਮੁੰਡਾ ਹੈ,” ਤੇਜੇ ਨੇ ਆਪਣੀ ਵਾਕਫ਼ੀਅਤ ਕਰਵਾਉਂਦਿਆਂ ਕਿਹਾ।
ਮਾਸਟਰ ਸੁਰਜੀਤ ਸਿੰਘ ਨੇ ਆਪਣੇ ਸਾਹਮਣੇ ਖੜ੍ਹੇ ਨਿੱਕੇ ਜਿਹੇ ਬੰਦੇ ਵੱਲ ਗਹੁ ਨਾਲ ਤੱਕਿਆ। ਨਾ ਉਹਦੀ ਬੋਲੀ ਅਤੇ ਨਾ ਹੀ ਪਹਿਰਾਵੇ ਤੋਂ ਲੱਗਦਾ ਸੀ ਕਿ ਇਹ ਆਦਮੀ ਕਦੀ ਸਕੂਲ ਦੇ ਲਾਗੋਂ ਵੀ ਲੰਘਿਆ ਹੋਵੇ। ਸੁਰਜੀਤ ਸਿੰਘ ਨੇ ਉਹਨੂੰ ਜੱਗੀ ਦੀ ਜਨਮ ਤਰੀਕ ਬਾਰੇ ਪੁੱਛਿਆ।
“ਇਸ ਸਾਲ ਜੀ ਇਹਨੇ, ਹਾੜ ਦੀ ਸੰਗਰਾਂਦ ਤੋਂ ਅਗਲੇ ਦਿਨ ਛੇ ਸਾਲ ਦਾ ਹੋ ਜਾਣਾ।”
ਸੁਰਜੀਤ ਸਿੰਘ ਨੇ ਥੋੜ੍ਹਾ ਖਿਝ ਕੇ ਸਿਰ ਮਾਰਿਆ ਤੇ ਫਿਰ ਕੁੱਝ ਗੁਣਾ ਤਕਸੀਮ ਕਰਕੇ ਜੱਗੀ ਦੀ ਜਨਮ ਤਾਰੀਖ਼ ਲਿਖ ਲਈ—16 ਜੂਨ, 1978।
“ਤੇਜਾ ਸਿਆਂ, ਮੈਨੂੰ ਲਗਦਾ ਨਹੀਂ ਤੁਹਾਡਾ ਮੁੰਡਾ, ਹਾਲੀ ਸਕੂਲ ਜਾਣ ਦੇ ਯੋਗ ਹੈ। ਇਹਨੂੰ ਤਾਂ ਆਪਣਾ ਨਾਂ ਵੀ ਨਹੀਂ ਦੱਸਣਾ ਆਉਂਦਾ।”
“ਜਗਜੀਤ ਸਿੰਘ, ਅਸੀਂ ਉਹਨੂੰ ਜੱਗੀ ਕਹਿੰਦੇ ਹਾਂ,” ਤੇਜੇ ਨੇ ਬੇਆਰਾਮੀ ਨਾਲ ਦੱਸਿਆ।
ਤੇਜੇ ਸਾਹਮਣੇ ਬਿੰਦੋ ਦਾ ਚਿਹਰਾ ਘੁੰਮ ਗਿਆ; ਕਿੰਨਾ ਉਤਸ਼ਾਹ ਸੀ ਉਹਨੂੰ ਜੱਗੀ ਨੂੰ ਸਕੂਲ ਭੇਜਣ ਦਾ। ਕੀ ਹਾਲ ਹੋਵੇਗਾ ਵਿਚਾਰੀ ਦਾ ਜੇਕਰ ਜੱਗੀ ਨੂੰ ਸਕੂਲੋਂ ਮੋੜ ਦਿੱਤਾ ਗਿਆ।
ਸੁਰਜੀਤ ਸਿੰਘ ਨੂੰ ਪਤਾ ਨਹੀਂ ਲੱਗਾ ਕਿ ਤੇਜਾ ਉਹਦੀ ਗੱਲ ਸਮਝਿਆ ਸੀ ਜਾਂ ਨਹੀਂ। ਸੋ ਉਹਨੇ ਆਪਣਾ ਸੁਆਲ ਸਾਫ਼ ਸ਼ਬਦਾਂ ਵਿੱਚ ਦੁਹਰਾਇਆ।
“ਤੇਜਾ ਸਿਆਂ, ਕੀ ਤੁਸੀਂ ਬੱਚੇ ਨੂੰ ਸਕੂਲ ਦਾਖ਼ਲ ਕਰਵਾਉਣ ਲਈ ਇੱਕ ਸਾਲ ਹੋਰ ਉਡੀਕ ਸਕਦੇ ਹੋ?”
“ਨਹੀਂ, ਅਸੀਂ ਇਹਨੂੰ ਹੁਣੇ ਦਾਖ਼ਲ ਕਰਵਾਉਣਾ ਹੈ,” ਤੇਜਾ ਤਲਖ਼ੀ ਨਾਲ ਬੋਲਿਆ। ਇੱਕ ਦਮ ਉਹਨੂੰ ਆਪਣੇ ਦਿੱਤੇ ਸਖ਼ਤ ਜਵਾਬ ਤੇ ਫਖ਼ਰ ਹੋਇਆ।
“ਤੁਹਾਡੀ ਮਰਜ਼ੀ ਹੈ ਤੇਜਾ ਸਿਆਂ, ਪਰ ਮੁੰਡਾ ਢਿੱਲਾ ਹੈ; ਇਸ ਉਮਰ ਤੀਕ ਬੱਚੇ ਚੰਗੀ ਤਰਾਂ ਬੋਲਣ ਲੱਗ ਜਾਂਦੇ ਨੇ,” ਸੁਰਜੀਤ ਸਿੰਘ ਨੇ ਆਪਣੀ ਦਲੀਲ ਦੁਹਰਾਉਂਦਿਆਂ ਕਿਹਾ।
“ਜੀ ਡਾਕਟਰ ਕਹਿੰਦੈ ਬਈ ਜੱਗੀ ਥੋੜ੍ਹੇ ਸਾਲਾਂ ਚ ਵਧੀਆ ਬੋਲਣ ਲੱਗ ਜਾਵੇਗਾ।”
“ਹਰ ਬੱਚੇ ਦੀ ਵਧਣ ਫੁੱਲਣ ਦੀ ਆਪਣੀ ਸਪੀਡ ਹੁੰਦੀ ਏ। ਤੁਹਾਡੇ ਪੁੱਤਰ ਨੂੰ ਬਾਕੀ ਬੱਚਿਆਂ ਦੀ ਰਫ਼ਤਾਰ ਨਾਲ ਸਿੱਖਣ ਵਿੱਚ ਦਿੱਕਤ ਆਵੇਗੀ।”
ਮਾਸਟਰ ਦੀ ਗੱਲ ਸੁਣ ਤੇਜਾ ਚਿੰਤਤ ਹੋ ਗਿਆ। ਉਹਨੂੰ ਕਿੰਨਾ ਮਾਣ ਹੋਇਆ ਸੀ ਜੱਗੀ ਤੇ, ਜਿਹੜਾ ਹਾਲਾਂ ਪੂਰੇ ਨੌਂ ਮਹੀਨੇ ਦਾ ਵੀ ਨਹੀਂ ਸੀ ਹੋਇਆ, ਤੁਰਨ ਲੱਗ ਪਿਆ ਸੀ। ਉਹਦੇ ਵਿੱਚ ਹੁਸ਼ਿਆਰ ਹੋਣ ਦੀਆਂ ਸਾਰੀਆਂ ਨਿਸ਼ਾਨੀਆਂ ਸਨ, ਹਰ ਚੀਜ਼ ਹਾਣ ਦੇ ਬੱਚਿਆਂ ਨਾਲ਼ੋਂ ਜਲਦੀ ਸਿੱਖਦਾ ਸੀ। ਪਰ ਉਹਨੂੰ ਬੋਲਣ ਵਿੱਚ ਮੁਸ਼ਕਲ ਆ ਰਹੀ ਸੀ। ਜਦੋਂ ਚਾਰ ਸਾਲ ਦਾ ਹੋਇਆ ਤਾਂ ਉਹਨਾਂ ਨੂੰ ਪਤਾ ਲੱਗਿਆ ਕਿ ਉਹਨੂੰ ਤਾਂ ਹੱਕ ਪੈਂਦੀ ਸੀ। ਉਹ ਜੱਗੀ ਨੂੰ ਡਾਕਟਰ ਖਹਿਰੇ ਕੋਲ ਲੈ ਗਏ। ਡਾਕਟਰ ਖਹਿਰੇ ਨੇ ਦੱਸਿਆ ਕਿ ਜੱਗੀ ਨੂੰ ਉਮਰ-ਸੰਬੰਧਿਤ ਹੱਕ ਦੀ ਬਿਮਾਰੀ ਸੀ, ਜਿਹੜੀ ਸੰਭਾਵਨ, “ਜੱਗੀ ਦੇ ਵੱਡੇ ਹੋਣ ਨਾਲ ਠੀਕ ਹੋ ਜਾਵੇਗੀ।” ਪਰ ਇਸ ਦਾ ਜੱਗੀ ਦੇ ਹੁਸ਼ਿਆਰ ਜਾਂ ਕਮਜ਼ੋਰ ਹੋਣ ਨਾਲ ਕੋਈ ਲੈਣ ਦੇਣ ਨਹੀਂ ਸੀ। ਤੇਜੇ ਦੇ ਦਿਮਾਗ਼ ਵਿੱਚ ਜੱਗੀ ਇੱਕ ਆਮ ਬੱਚੇ ਨਾਲ਼ੋਂ ਕਿਤੇ ਜ਼ਿਆਦਾ ਹੁਸ਼ਿਆਰ ਸੀ।
“ਜੱਗੀ ਹੁਸ਼ਿਆਰ ਹੈ,” ਤੇਜੇ ਨੇ ਕਿਹਾ, ਪਰ ਐਨਾ ਹੌਲੀ ਕਿ ਸੁਰਜੀਤ ਸਿੰਘ ਨੂੰ ਸਮਝ ਨਾ ਆਈ।
“ਫ਼ਿਕਰ ਨਾ ਕਰੋ ਤੇਜਾ ਸਿਆਂ,” ਸੁਰਜੀਤ ਸਿੰਘ ਬੋਲਿਆ, “ਤੁਸੀਂ ਹੁਣ ਇਹ ਮੇਰੇ ਤੇ ਛੱਡ ਦਿਓ, ਮੈਂ ਆਪੇ ਵੇਖ ਲਵਾਂਗਾ।
ਤੇਜਾ ਉੱਠ ਕੇ ਜਾਣ ਹੀ ਲੱਗਾ ਸੀ ਕਿ ਸੁਰਜੀਤ ਸਿੰਘ ਨੂੰ ਕੱਲ੍ਹ ਦੀ ਲੜਾਈ ਵਾਲੀ ਗੱਲ ਚੇਤੇ ਆ ਗਈ ਤੇ ਉਹਨੇ, ਉਹਦੇ ਬਾਰੇ ਤੇਜੇ ਨੂੰ ਦੱਸਿਆ। ਤੇਜੇ ਨੂੰ ਸੁਣ ਕੇ ਬਹੁਤ ਅਜੀਬ ਲੱਗਾ; ਉਹਦਾ ਜੱਗੀ ਤਾਂ ਇਸ ਤਰਾਂ ਦਾ ਨਹੀਂ ਸੀ! ਪਰ ਉਹਨੇ ਮਾਸਟਰ ਨੂੰ ਕੁੱਝ ਨਾ ਕਿਹਾ।
ਜਦੋਂ ਜੱਗੀ ਸਕੂਲੋਂ ਘਰੇ ਪਹੁੰਚਿਆ ਤਾਂ ਤੇਜੇ ਨੇ ਉਹਦੀ ਬੰਤੇ ਨਾਲ ਲੜਾਈ ਵਾਲੀ ਗੱਲ ਛੇੜੀ। ਜੱਗੀ ਨੇ ਦੱਸਿਆ ਕਿ ਕੀ ਹੋਇਆ ਸੀ। ਜਦੋਂ ਉਹਨਾਂ ਪੁੱਛਿਆ ਕਿ ਉਹਨੇ ਇਹ ਸਾਰਾ ਕੁੱਝ ਮਾਸਟਰ ਨੂੰ ਕਿਉਂ ਨਹੀਂ ਸੀ ਦੱਸਿਆ ਤਾਂ ਜੱਗੀ ਥੱਲੇ ਪੈਰਾਂ ਵੱਲ ਵੇਖਣ ਲੱਗ ਪਿਆ। ਜਦੋਂ ਬਿੰਦੋ ਦੀ ਨਜ਼ਰ ਉਹਦੇ ਨਿੱਕੇ ਜਿਹੇ ਕੰਬਦੇ ਸਰੀਰ ਤੇ ਪਈ, ਉਹਨੂੰ ਇੱਕ ਦਮ ਅੰਦਾਜ਼ਾ ਹੋ ਗਿਆ ਕਿ ਕੀ ਗੱਲ ਹੋ ਸਕਦੀ ਸੀ। ਉਹਨੂੰ ਆਪਣਾ ਬਚਪਨ ਯਾਦ ਆ ਗਿਆ—ਕਿਵੇਂ ਨੀਵੀਂ ਜਾਤ ਚੋਂ ਹੋਣ ਦੇ ਅਹਿਸਾਸ ਨੇ ਉਹਨੂੰ ਹਮੇਸ਼ਾ ਕਮਦਿਲ ਤੇ ਡਰਪੋਕ ਬਣਾ ਕੇ ਰੱਖਿਆ ਸੀ। ਕਿਵੇਂ ਬਹੁਤ ਵਾਰ ਉਹ ਠੀਕ ਹੋਣ ਦੇ ਬਾਵਜੂਦ ਵੀ ਆਪਣੀ ਗੱਲ ਤੇ ਅੜਿਆ ਨਹੀਂ ਸੀ ਕਰਦੀ। ਉਹਦੀ ਐਨੀ ਮਿਹਨਤ ਤੋਂ ਬਾਅਦ ਵੀ ਕਿਵੇਂ ਉਹਦਾ ਬੱਚਾ ਆਪਣੀ ਨੀਵੀਂ ਜਾਤ ਕਰਕੇ ਬੇਬਸ ਬਣਿਆ ਖੜ੍ਹਾ ਸੀ।
ਅੱਖਾਂ ਭਰੀਆਂ ਨਾਲ ਉਹਨੇ ਉੱਠ, ਜੱਗੀ ਨੂੰ ਕਲਾਵੇ ਵਿੱਚ ਲੈ ਲਿਆ। “ਫ਼ਿਕਰ ਨਾ ਕਰ ਪੁੱਤਰ, ਤੂੰ ਉਹਨਾਂ ਸਾਰਿਆਂ ਤੋਂ ਵੱਧ ਹੁਸ਼ਿਆਰ ਏਂ।”
← ਪਿਛਲੀ ਕਿਸ਼ਤ · ਸਾਰੀਆਂ ਕਿਸ਼ਤਾਂ
ਅਗਲੀ ਕਿਸ਼ਤ 03 — ਬਰਾਬਰੀ ਦੀ ਕੀਮਤ →
12/11/2026 ਨੂੰ ਪ੍ਰਕਾਸ਼ਿਤ ਹੋਵੇਗੀ
ਰਛਪਾਲ ਸਹੋਤਾ
