ਆਪੇ ਦੀ ਭਾਲ
ਕਿਤਾਬ ਦੀ ਵਰਣਨਾ: ਆਪੇ ਦੀ ਭਾਲ, ਇੱਕ ਛੇ ਸਾਲਾ ਬੱਚੇ, ਜੱਗੀ ਦੀ ਇੱਕ ਨਿੱਕੇ ਪਿੰਡ ਕੁੰਡੀਆਂ ਤੋਂ ਲੈ ਕੇ, ਸ਼ਿਕਾਗੋ ਦੀ ਪਾਸ਼ ਕਾਲੋਨੀ ਤੀਕਰ ਦੇ ਸਫ਼ਰ ਦੀ ਕਹਾਣੀ ਹੈ। ਇਹ ਉਹਨਾਂ ਹਿੰਦੁਸਤਾਨੀ ਜਾਤ-ਪਾਤ ਦੇ ਚੱਕਰ-ਵਿਹੂਆਂ, ਸਮਾਜ ਦੇ ਤੰਗ ਦਿਲ ਰਿਵਾਜਾਂ ਅਤੇ ਅਦਿੱਖ ਕੰਧਾਂ ਦੀ ਦਾਸਤਾਨ ਹੈ, ਜਿਹੜੀਆਂ ਪਿਆਰ ਕਰਨ ਵਾਲਿਆਂ ਨੂੰ ਕਦੀ ਲਾਗੇ ਨਹੀਂ ਆਉਣ ਦਿੰਦੀਆਂ। ਕੀ ਉਹ ਆਪੇ ਦੀ ਭਾਲ਼ ਵਿੱਚ ਨਿਕਲਿਆ, ਥਥਲਾ ਕੇ ਬੋਲਣ ਵਾਲਾ ਮੁੰਡਾ, ਜਿਸਤੋਂ ਇਹ ਉਮੀਦ ਵੀ ਨਹੀਂ ਕਿ ਉਹ ਪ੍ਰਾਇਮਰੀ ਸਕੂਲ ਪਾਸ ਕਰ ਲਵੇਗਾ, ਆਪਣੀਆਂ ਜਨਮ ਦੀਆਂ ਬੇੜੀਆਂ ਨੂੰ ਤੋੜ ਸਕਦਾ ਏ?
ਖ਼ਰੀਦਣ ਲਈ ਕਲਿੱਕ ਕਰੋਟੈਸਟੀਮੋਨੀਅਲਜ਼
“ਪੰਜਾਬੀ ਨਾਵਲ ਹਮੇਸ਼ਾ ਹੀ ਅਜਿਹੀਆਂ ਨਿਵੇਕਲੀਆਂ ਕਹਾਣੀਆਂ ਤੇ ਕਥਾ ਸੰਧਰਭਾਂ ਦੀ ਤਲਾਸ਼ ਕਰਦਾ ਰਿਹਾ ਹੈ, ਜੋ ਆਪਣੇ ਦੌਰ ਦੇ ਮਸਲਿਆਂ ਤੇ ਹਾਲਾਤ ਦੇ ਹਵਾਲੇ ਨਾਲ ਮਨੁੱਖੀ ਹਸਤੀ ਦੇ ਬੁਨਿਆਦੀ ਸਰੋਕਾਰਾਂ ਦੀ ਪੇਸ਼ਕਾਰੀ ਕਰਦੇ ਹੋਣ। ਰਛਪਾਲ ਸਹੋਤਾ ਦਾ ਨਾਵਲ, ‘ਆਪੇ ਦੀ ਭਾਲ਼,’ ਪੰਜਾਬੀ ਬੰਦੇ ਦੀ ਅਜਿਹੀ ਤਲਾਸ਼ ਦੀ ਹੀ ਪੇਸ਼ਕਾਰੀ ਕਰਦਾ ਹੈ। ਇਸ ਨਾਵਲ ਦੀ ਕਹਾਣੀ, ਪਾਤਰ ਤੇ ਘਟਨਾਵਾਂ ਆਦਿ ਦੇ ਵਿਅਕਤੀਗਤ ਹੋਣ ਦੇ ਨਾਲ ਨਾਲ, ਸਮੂਹਿਕ ਚਰਿੱਤਰ ਵੀ ਰੱਖਦੀ ਹੈ। ਨਾਵਲ ਦੇ ਮੁੱਢ ਵਿੱਚ ਦਰਜ਼ ‘ਪੰਛੀ ਝਾਤ’ ਵਿੱਚ ਹੀ ਪਿੰਡ ਦੇ ਘੇਰੇ ਤੋਂ ਬਾਹਰ ਵਸਦੀ ਬਸਤੀ ਨੂੰ ‘ਕੀਰਿਆਂ ਦੀ ਬਸਤੀ’ ਅਤੇ ਉਸ ਦੇ ਬਾਸ਼ਿੰਦਿਆਂ ਨੂੰ ‘ਕੀਰੇ’ ਦੇ ਪ੍ਰਤੀਕਾਤਮਕ ਰੂਪ ਵਿੱਚ ਨਾਮਜ਼ਦ ਕਰ ਦਿੱਤਾ ਗਿਆ ਹੈ। ਇਹ ਨਾਵਲ ਵਿਸ਼ੇ ਦੀ ਚੋਣ ਕਰਕੇ ਹੀ ਨਹੀਂ ਸਗੋਂ ਉਸਦੀ ਪੇਸ਼ਕਾਰੀ ਅਤੇ ਬਿਰਤਾਂਤ ਦੀ ਰਚਨਾਕਾਰੀ ਦੇ ਲਿਹਾਜ਼ ਨਾਲ ਵੀ ਖ਼ਾਸ ਮਹੱਤਵ ਰੱਖਦਾ ਹੈ।
ਇਸ ਬਿਰਤਾਂਤ ਵਿੱਚ ਪੰਜਾਬੀ ਸਮਾਜ ਦੀ ਦਲਿਤ ਵਰਗ ਨਾਲ ਜੁੜੇ ਪੰਜਾਬੀ ਬੰਦੇ ਦੇ ਵਿਅਕਤੀਗਤ ਤੇ ਸਮੂਹਿਕ ਸੰਘਰਸ਼ਾਂ ਤੇ ਸਰੋਕਾਰਾਂ ਨੂੰ, ਵਸਤੂਗਤ ਤੇ ਪ੍ਰਤੀਕਾਰਮਕ ਸੰਧਰਭਾਂ ਵਿੱਚ ਪੇਸ਼ ਕੀਤਾ ਗਿਆ ਹੈ। ਇਸ ਤੋਂ ਵੀ ਅਹਿਮ ਗੱਲ ਇਹ ਹੈ ਕਿ ਇਹ ਸੰਪੂਰਨ ਭਾਵ-ਪ੍ਰਬੰਧ ਉਦਾਸੀ ਦੇ ਭਾਵ ਤੋਂ ਮੁਕਤ ਕਰਕੇ ਸਮਾਜਿਕ ਵਿਸੰਗਤੀਆਂ ਦੇ ਸੱਚ ਨੂੰ ਯਥਾਰਥਕ ਦ੍ਰਿਸ਼ਟੀ ਤੋਂ ਮੂਰਤੀਮਾਨ ਕਰਦੇ ਹੋਏ, ਉਸਨੂੰ ਨਿਕਾਰਨ ਦੀ ਥਾਂ ਉਸ ਵਿੱਚੋਂ ਹੀ ਆਪੇ ਦੀ ਭਾਲ਼ ਦਾ ਰਾਹ ਦੱਸਦਾ ਹੈ।
ਮੈਂ ਰਛਪਾਲ ਸਹੋਤਾ ਦੀ ਇਸ ਰਚਨਾ ਦਾ ਭਰਵਾਂ ਸੁਆਗਤ ਕਰਦਾ ਹਾਂ ਅਤੇ ਆਸ ਕਰਦਾ ਹਾਂ ਕਿ ਪਾਠਕ ਇਸਨੂੰ ਸਾਕਾਰਤਮਕ ਹੁੰਗਾਰਾ ਪ੍ਰਦਾਨ ਕਰਨਗੇ।” – ਪ੍ਰੋ. ਗੁਰਪਾਲ ਸਿੰਘ ਸੰਧੂ, ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ
“ਨਾਵਲ, ਆਪੇ ਦੀ ਭਾਲ਼, ਪੜਨਾ, ਮੇਰੇ ਲਈ ਬਹੁਤ ਹੀ ਅਨੰਦਮਈ ਅਨੁਭਵ ਸੀ; ਪਲਾਟ, ਵਿਰਤਾਂਤ, ਅੰਦਰੂਨੀ ਟਕਰਾ ਤੇ ਸੰਘਰਸ਼, ਇਹ ਨਾਵਲ, ਹਰ ਪੱਖੋਂ ਸੰਪੂਰਨ ਹੈ। ਰਛਪਾਲ ਸਹੋਤਾ, ਜਿਸ ਸਾਦਾ, ਅਲੌਕਿਕ ਮੁਹਾਰਤ ਨਾਲ, ਹਿੰਦੁਸਤਾਨੀ ਸਮਾਜ ਦੀ ਇੱਕ ਸਦੀਆਂ ਪੁਰਾਣੀ ਸਮੱਸਿਆ ਨੂੰ, ਨਵੇਂ ਦ੍ਰਸ਼ਕਾਂ ਦੇ ਵਿਸ਼ਾਲ ਘੇਰੇ ਤੀਕ ਲੈਕੇ ਪਹੁੰਚਿਆ ਹੈ, ਬਹੁਤ ਹੀ ਸ਼ਲਾਘਾਯੋਗ ਹੈ। ਗੁਰਦਿਆਲ ਸਿੰਘ ਦੇ ਮੜੀ ਦਾ ਦੀਵਾ, ਦੇ ਉਲਟ, ਜਿਸ ਵਿੱਚ ਹੀਰੋ ਸਮਾਜ ਦੀ ਜਾਤ ਪ੍ਰਣਾਲੀ ਸਾਹਮਣੇ ਢਹਿ ਪੈਂਦਾ ਹੈ, ਖੁਦੀ ਦੀ ਤਲਾਸ਼ ਦਾ ਹੀਰੋ, ਜੱਗੀ, ਆਪਣੀ ਪੜ੍ਹਾਈ ਦੇ ਪੁਰਜ਼ੋਰ, ਜਾਤ ਪਾਤ ਦਾ ਮੁਕਾਬਲਾ ਕਰਦਾ, ਤਾਕਤ ਅਤੇ ਆਫਤਾਂ ਸਾਹਮਣੇ ਹੌਸਲੇ ਬਖੇਰਦਾ, ਜੇਤੂ ਹੋ ਨਿੱਤਰਦਾ ਹੈ।” – ਸਿਮਰੀਤਾ ਧੀਰ, ਅਕਾਦਮਿਕ ਅਤੇ ਨਾਵਲਕਾਰ
“ਾਵਲ ਆਪੇ ਦੀ ਭਾਲ਼, ਪੰਜਾਬੀ ਸਾਹਿਤ ਵਿੱਚ ਦਸਤਾਵੇਜ਼ੀ ਮਹੱਤਤਾ ਰੱਖਣ ਵਾਲੀ ਵਿਲੱਖਣ ਰਚਨਾ ਹੈ, ਜੋ 80ਵਿਆਂ ਦੌਰਾਨ ਪੰਜਾਬ ਦੇ ਪੇਂਡੂ ਜੀਵਨ ਦੀ ਕਹਾਣੀ ਪੇਸ਼ ਕਰਦਾ ਹੈ। ਬੇਸ਼ੱਕ ਇਸ ਨਾਵਲ ਦਾ ਮੁੱਖ ਵਿਸ਼ਾ ਭਾਰਤ ਵਿੱਚ ਸਦੀਆਂ ਤੋਂ ਚਲੀ ਆ ਰਹੀ ਜਾਤ ਪ੍ਰਥਾ ਅਧਾਰਤ ਵਿਤਕਰੇਬਾਜ਼ੀ ਅਤੇ ਸਮਾਜਕ ਅਨਿਆ ਹੈ, ਪਰ ਇਸ ਵਿੱਚ ਪੰਜਾਬ ਦੇ ਲੋਕ ਵਿਰਸੇ ਦੀਆਂ ਰਹੁ ਰੀਤਾਂ, ਪੇਂਡੂ ਜੀਵਨ-ਜਾਚ, ਸਮਾਜਕ ਸੰਸਥਾਵਾਂ ਅਤੇ ਸਭਿਆਚਾਰ ਦੇ ਨਕਸ਼ ਬਾ-ਖੂਬੀ ਚਿਤਰੇ ਗਏ ਹਨ। ਇਹ ਨਾਵਲ ਮੂਲ ਰੂਪ ਵਿੱਚ ਅੰਗਰੇਜ਼ੀ ਵਿੱਚ ਲਿਖਿਆ ਗਿਆ ਹੈ। ਮੁਲਕ ਰਾਜ ਆਨੰਦ ਦੇ ਅੰਗਰੇਜ਼ੀ ਨਾਵਲ ਅਛੂਤ (1935) ਤੋਂ ਬਾਅਦ ਸ਼ਾਇਦ ਇਸ ਵਿਸ਼ੇ ਤੇ ਅੰਗਰੇਜ਼ੀ ਵਿੱਚ ਲਿਖਿਆ ਜਾਣ ਵਾਲਾ ਇਹ ਪਹਿਲਾ ਨਾਵਲ ਹੈ। ਮੈਨੂੰ ਇਸ ਦਾ ਤਰਜਮਾ ਕਰਨ ਦਾ ਵੀ ਸੁਭਾਗ ਪ੍ਰਾਪਤ ਹੋਇਆ ਹੈ। ਇਸ ਨਾਵਲ ਦੀ ਵਿਲੱਖਣ ਖੂਬੀ ਇਹ ਹੈ ਕਿ ਇਸ ਵਿੱਚ ਲੇਖਕ, ਬਿਨਾ ਕੋਈ ਧਿਰ ਬਣੇ, ਵੀਹਵੀਂ ਸਦੀ ਦੇ ਅਖੀਰਲੇ ਦਹਾਕਿਆਂ ਤੱਕ ਵੀ ਪੰਜਾਬ ਦੇ ਪਿੰਡਾਂ ਵਿੱਚ ਜਾਤ ਪਾਤ ਦੀ ਹੋਂਦ ਅਤੇ ਇਸਦੀ ਜਕੜ ਦਾ ਚਿਤਰਨ, ਸੰਤੁਲਿਤ ਪਹੁੰਚ ਨਾਲ, ਜਿਉਂ ਦੇ ਤਿਉਂ ਰੂਪ ਵਿੱਚ ਕਰਦਾ ਹੈ।” – ਹਰਵਿੰਦਰ ਸਿੰਘ ਚੰਡੀਗੜ੍ਹ, ਸੰਯੁਕਤ ਡਾਇਰੈਕਟਰ (ਰਿਟਾ.), ਪੰਜਾਬ, ਅਤੇ ਪੰਜਾਬੀ ਲੇਖਕ
“ਪੰਜਾਬੀ ਸਮਾਜ ‘ਚ ਜਾਤਪਾਤ ਦੀ ਡੂੰਘੀ ਤੇ ਭਿਆਨਕ ਪਕੜ ਬਾਰੇ ਸਰਲ ਤੇ ਖਿੱਚਵੇਂ ਅੰਦਾਜ਼ ‘ਚ ਲਿਖਿਆ, ‘ਆਪੇ ਦੀ ਭਾਲ਼,’ ਜਦੋਂ ਸ਼ੁਰੂ ਕਰ ਲਿਆ ਤਾਂ ਖਤਮ ਕਰਨ ਤੋਂ ਪਹਿਲਾਂ, ਹੋਰ ਕੁੱਝ ਸ਼ੁਰੂ ਕਰਨ ਤੋਂ ਅਸਮਰਥ ਸੀ ਮੈਂ …” – ਉੱਜਲ ਦੋਸਾਂਝ, ਬੀ. ਸੀ. ਸੂਬੇ ਦੇ 13ਵੇਂ ਪਰੀਮੀਅਰ, ਕਨੇਡੀਅਨ ਸਿਆਸਦਾਨ, ਵਕੀਲ ਅਤੇ ਨਾਵਲਕਾਰ
ਵੀਡੀਓ ਟੈਸਟੀਮੋਨੀਅਲਜ਼:
ਬੁੱਕ ਰੀਲੀਜ਼ ਬਰੈਂਪਟਨ, ਕੈਨੇਡਾ
ਹਰਕੀਰਤ ਚਾਹਲ
ਉੱਜਲ ਦੁਸਾਂਝ
ਰਾਜਵੰਤ ਰਾਜ
ਜਰਨੈਲ ਸਿੰਘ ਸੇਖਾ
ਅਜਮੇਰ ਰੋਡੇ – 1
ਅਜਮੇਰ ਰੋਡੇ – 2
ਪ੍ਰਿਥੀਪਾਲ ਸਿੰਘ ਸੋਹੀ
