ਸਾਡੀ ਤੀਰਥ ਯਾਤਰਾ—ਪ੍ਰਛਾਂਵੇਂ ਹੇਠ ਸਵ੍ਰਗੀ ਨਜ਼ਾਰਾ

ਕੁਦਰਤ ਦੀ ਵਿਸ਼ਾਲਤਾ ਇੰਨੀ ਅਪਾਰ ਹੈ ਕਿ ਮਨੁੱਖਤਾ ਦੀ ਮਹੱਤਤਾ, ਸਮੁੰਦਰ ਦੇ ਕੰਢੇ ਤੇ ਪਏ ਰੇਤ ਦੇ ਕਿਣਕੇ ਦੇ ਮੁਕਾਬਲੇ ਵੀ ਕਿਤੇ ਛੋਟੀ ਹੈ—ਬਿੱਲਕੁਲ ਨਿਗੂਣੀ। ਅਜਿਹੀ ਵਿਸ਼ਾਲ ਕੁਦਰਤ ਵਿੱਚ, ਅਣਗਿਣਤ ਮਹੱਤਵਪੂਰਣ ਘਟਨਾਵਾਂ, ਨਿੱਤ ਘਟਦੀਆਂ ਹਨ, ਜਿਹਨਾਂ ਬਾਰੇ ਸਾਨੂੰ ਕਦੀ ਵੀ ਪਤਾ ਨਹੀਂ ਲਗਦਾ। ਪਰ ਜਦੋਂ ਕਦੀ ਵਿਰਲ਼ੇ ਮੌਕਿਆਂ ਤੇ ਸਾਨੂੰ ਅਜਿਹੀਆਂ ਬ੍ਰਹਿਮੰਡੀ ਚਮਤਕਾਰਾਂ ਨੂੰ ਵੇਖਣ ਜਾਂ ਅਨੁਭਵ ਕਰਨ ਦਾ ਮੌਕਾ ਮਿਲਦਾ ਹੈ ਤਾਂ ਅਸੀਂ ਕੁਦਰਤ ਦੀਆਂ ਅੱਲੋਕਾਰੀਆਂ ਤੇ ਅੱਖਾਂ ਝਪਕਦੇ ਰਹਿ ਜਾਂਦੇ ਹਾਂ। ਅਜਿਹਾ ਹੀ ਇੱਕ ਅਚੰਭਾ ਸਾਨੂੰ 8 ਅਪ੍ਰੈਲ, 2024 ਨੂੰ ਮਿਲਿਆ, ਮੁਕੰਮਲ-ਸੂਰਜ-ਗ੍ਰਹਿਣ ਨੂੰ ਵੇਖਣ ਦਾ ਮੌਕਾ।

ਇੱਥੇ ਨਾ-ਮੁਕੰਮਲ ਅਤੇ ਮੁਕੰਮਲ ਸੂਰਜ ਗ੍ਰਹਿਣ ਵਿਚਲਾ ਫਰਕ ਸਮਝਣਾ ਜ਼ਰੂਰੀ ਹੈ। ਨਾ-ਮੁਕੰਮਲ ਸੂਰਜ ਗ੍ਰਹਿਣ ਭਾਂਵੇਂ ਕਾਫੀ ਵੱਡੇ ਖੇਤਰ ਤੋਂ ਵੇਖਿਆ ਜਾ ਸਕਦਾ ਹੈ, ਪਰ ਮੁਕੰਮਲ ਸੂਰਜ ਗ੍ਰਹਿਣ, ਕੁਦਰਤ ਦਾ ਅਨੋਖਾ ਅਚੰਭਾ ਜਦੋਂ ਚੰਦਰਮਾ ਸੂਰਜ ਨੂੰ ਪੂਰੀ ਤਰਾਂ ਲਕੋ ਲੈਂਦਾ ਹੈ, ਸਿਰਫ ਖਾਸ ਖਾਸ ਥਾਵਾਂ ਤੋਂ ਹੀ ਦੇਖਿਆ ਜਾ ਸਕਦਾ ਹੈ, ਜਿਹੜੀਆਂ ਚੰਦਰਮਾ ਦੇ ਪੂਰਨ ਪ੍ਰਛਾਂਵੇਂ ਥੱਲੇ ਹੁੰਦੀਆਂ ਹਨ। ਬ੍ਰਹਿਮੰਡੀ ਪੈਮਾਨੇ ਉੱਤੇ ਅਜਿਹੇ ਗ੍ਰਹਿਣ ਬੇਸ਼ੱਕ ਆਮ ਜਿਹੀ ਗੱਲ ਹੈ, ਪਰ ਇਹਨੂੰ ਵੇਖਣ ਦਾ ਮੌਕਾ ਸਾਰਿਆਂ ਨੂੰ ਨਹੀਂ ਮਿਲਦਾ। ਉਸਦਾ ਕਾਰਨ ਹੈ ਕਿ ਧਰਤੀ ਦੇ ਕਿਸੇ ਵੀ ਵਿਸ਼ੇਸ਼ ਥਾਂ ਤੇ ਇਸਦੇ ਵਾਪਰਨ ਦੀ ਸੰਭਾਵਨਾ ਬਹੁਤ ਘੱਟ ਹੁੰਦੀ ਹੈ। ਮਿਸਾਲ ਦੇ ਤੌਰ ਤੇ, ਇਸ ਤੋਂ ਪਹਿਲਾਂ ਓਹਾਇਓ ਵਿੱਚ ਮੁਕੰਮਲ ਸੂਰਜ ਗ੍ਰਹਿਣ 2018 ਵਿੱਚ ਆਇਆ ਸੀ ਅਤੇ ਇਹ ਅਚੰਭਾ 2099 ਤੀਕਰ ਐਥੇ ਦੁਬਾਰਾ ਵੇਖਣ ਨੂੰ ਨਹੀਂ ਮਿਲੇਗਾ।

ਸੂਰਜ ਗ੍ਰਹਿਣ ਵੇਖਣ ਨਾਲ ਸਾਨੂੰ ਅਹਿਸਾਸ ਹੋਇਆ ਕਿ ਕਿਵੇਂ ਇਹ ਸਵਰਗੀ ਮਾਜਰੇ, ਲੋਕਾਂ ਦੀਆਂ ਭਾਵਨਾਵਾਂ ਨੂੰ ਜੋੜ ਦਿੰਦੇ ਹਨ। ਆਪਣੇ ਓਹਾਇਓ ਦੇ ਨਿੱਕੇ ਨਗਰ ਤੋਂ ਗ੍ਰਹਿਣ ਵੇਖਣ ਲਈ ਅਸੀਂ ਇੱਕ ਹੋਰ ਨਿੱਕੇ ਸ਼ਹਿਰ ਆਕਸਫੋਰਡ ਜਾਣ ਵਾਲੀ ਸੜਕ ਤੇ ਚੜ੍ਹੇ, ਜਿਹੜੀ ਸਵੇਰ-ਸ਼ਾਮ ਦੇ ਟ੍ਰੈਫਿਕ ਟਾਈਮਾਂ ਨੂੰ ਛੱਡ, ਬਾਕੀ ਸਾਰਾ ਦਿਨ ਤਕਰੀਬਨ ਖਾਲੀ ਹੀ ਹੁੰਦੀ ਹੈ। ਪਰ ਕੱਲ ਜਦੋਂ ਦੋ ਕੁ ਵਜੇ ਅਸੀਂ ਆਪਣਾ ਸਫਰ ਸ਼ੁਰੂ ਕੀਤਾ, ਤਾਂ ਅੱਗੇ ਪਿੱਛੇ ਦੂਰ ਦੂਰ ਤੀਕ ਕਾਰਾਂ ਹੀ ਕਾਰਾਂ ਦਿਖਾਈ ਦਿੰਦੀਆਂ ਸਨ। ਜਿਹੜਾ ਸਫਰ ਅਸੀਂ 25-30 ਮਿੰਟ ਵਿੱਚ ਕਰ ਸਕਦੇ ਸਾਂ, ਸਾਡਾ ਜੀ ਪੀ ਐਸ, ਘੰਟੇ ਤੋਂ ਵੱਧ ਦਾ ਰਸਤਾ ਵਿਖਾ ਰਿਹਾ ਸੀ। ਕੀ ਨਜ਼ਾਰਾ ਸੀ ਵੇਖਣ ਵਾਲਾ—ਇਕੋ ਦਿਸ਼ਾ ਵਿੱਚ ਜਾ ਰਹੀਆਂ ਸਾਰੀਆਂ ਕਾਰਾਂ, ਜਿਵੇਂ ਸਾਰੀਆਂ ਸਵਾਰੀਆਂ ਦਾ ਬੱਸ ਇੱਕੋ ਮਕਸਦ ਹੋਵੇ—ਕੁਦਰਤ ਦੇ ਇਸ ਅਦਭੁੱਤ ਨਜ਼ਾਰੇ ਨੂੰ ਵੇਖਣ ਦਾ ਮੌਕਾ ਹੱਥੋਂ ਨਾਂ ਖੁੰਝਾਉਣਾ; ਜਿਵੇਂ ਅਸੀਂ ਸਾਰੇ ਕੁਦਰਤ ਦੀ ਵਿਸ਼ਾਲਤਾ ਨੂੰ ਇਕੱਠਿਆਂ ਮਹਿਸੂਸ ਕਰਨ ਜਾ ਰਹੇ ਹੋਈਏ।

ਚੰਦਰਮਾ ਧਰਤੀ ਦੁਆਲੇ ਘੁੰਮਦਾ ਹੈ ਅਤੇ ਧਰਤੀ ਸੂਰਜ ਦੁਆਲੇ। ਕਿਓਂਕਿ ਚੰਦਰਮਾ, ਸੂਰਜ ਦੇ ਮੁਕਾਬਲੇ ਧਰਤੀ ਦੇ ਬਹੁਤ ਨੇੜੇ ਹੈ, ਇਹਨਾਂ ਘੁੰਮਣ ਘੇਰੀਆਂ ਵਿੱਚ ਉਹ ਕਦੀ ਕਦਾਰ ਸੂਰਜ ਅਤੇ ਧਰਤੀ ਦੇ ਵਿਚਕਾਰ ਆ ਜਾਂਦਾ ਹੈ ਅਤੇ ਅਸੀਂ ਉਸਦੇ ਪ੍ਰਛਾਂਵੇਂ ਵਿੱਚ ਸੂਰਜ ਨੂੰ ਨਹੀਂ ਵੇਖ ਸਕਦੇ। ਕਿਉਂਕਿ ਚੰਦਰਮਾ ਦਾ ਕੱਦ ਸੂਰਜ ਅਤੇ ਧਰਤੀ ਦੇ ਮੁਕਾਬਲੇ ਬਹੁਤ ਛੋਟਾ ਹੈ, ਉਹਦਾ ਪੂਰਾ ਪ੍ਰਛਾਵਾਂ ਧਰਤੀ ਦੇ ਸਿਰਫ ਥੋੜੇ ਹਿੱਸੇ ਤੇ ਹੀ ਪੈਂਦਾ ਹੈ। ਚੰਦਰਮਾ ਨੂੰ ਸੂਰਜ ਦੇ ਅੱਗੋਂ ਲੰਘਦਿਆਂ ਢਾਈ ਘੰਟੇ ਤੋਂ ਵੀ ਵੱਧ ਸਮਾਂ ਲਗਦਾ ਹੈ, ਪਰ ਉਸਦਾ ਮੁਕੰਮਲ ਪ੍ਰਛਾਵਾਂ ਸਿਰਫ ਤਿੰਨ ਕੁ ਮਿੰਟ ਹੀ ਰਹਿੰਦਾ ਹੈ। ਪਰ ਉਹਨਾਂ ਦੋ ਤਿੰਨ ਮਿੰਟਾਂ ਲਈ ਉਹ ਦਿਨ ਨੂੰ ਰਾਤ ਵਿੱਚ ਬਦਲ ਦਿੰਦਾ ਹੈ। ਇਸ ਅਚਾਨਕ ਪਈ ਰਾਤ ਨਾਲ ਜਾਨਵਰਾਂ ਦਾ ਵਰਤਾਰਾ ਅਜੀਬੋ ਗਰੀਬ ਹੋ ਜਾਂਦਾ ਹੈ, ਪੰਛੀ ਆਲ੍ਹਣਿਆਂ ਵਿੱਚ ਜਾ ਵੜਦੇ ਨੇ। ਇਹ ਪ੍ਰਛਾਵਾਂ ਸਾਰੀਆਂ ਥਾਵਾਂ ਤੇ ਇੱਕੋ ਵੇਲੇ ਨਹੀਂ ਪੈਂਦਾ ਸਗੋਂ ਧਰਤੀ ਤੇ ਚੰਦਰਮਾ ਦੀ ਘੁੰਮਣ ਘੇਰੀ ਦੇ ਨਾਲ ਨਾਲ ਤੁਰਦਾ ਰਹਿੰਦਾ ਹੈ। ਇਹ ਵਾਲਾ ਸੂਰਜ ਗ੍ਰਹਿਣ ਦੱਖਣੀ ਪ੍ਰਸ਼ਾਂਤ ਸਾਗਰ ਤੋਂ ਸ਼ੁਰੂ ਹੋ ਕੇ ਮੈਕਸੀਕੋ ਵਿੱਚੋਂ ਹੁੰਦਾ ਹੋਇਆ 12 ਵੱਜ ਕੇ 23 ਮਿੰਟ ਤੇ ਅਮਰੀਕਾ ਦੇ ਸੂਬੇ ਟੈਕਸਸ ਵਿੱਚ ਵੜਿਆ ਅਤੇ ਕਈ ਸੂਬਿਆਂ ਵਿਚੋਂ ਲੰਘਦਾ, ਕਨੇਡਾ ਦੇ ਓਨਟਾਰੀਓ ਸੂਬੇ ਵਿੱਚ ਦਾਖਲ ਹੋ ਗਿਆ ਅਤੇ ਫਿਰ ਕਿਊਬੈਕ ਵਿੱਚੋਂ ਹੁੰਦਾ ਹੋਇਆ ਨਿਊ ਫਾਂਊਂਡਲੈਡ ਦੀ ਤਟ ਤੇ ਖਤਮ ਹੋ ਗਿਆ।


ਮੈਂ ਤੇ ਮੇਰੀ ਜੀਵਨ ਸਾਥਣ, ਮਨਜੀਤ, ਤਿੰਨ ਕੁ ਵਜੇ ਆਕਸਫੋਰਡ ਦੇ ਲਾਗੇ ਪਹੁੰਚ ਗਏ। ਉੱਥੇ ਇੱਕ ਚਰਚ ਵਾਲਿਆਂ ਨੇ, ਲੋਕਾਂ ਨੂੰ ਗ੍ਰਹਿਣ ਦਾ ਨਜ਼ਾਰਾ ਮਾਨਣ ਲਈ, ਆਪਣੇ ਪਾਰਕਿੰਗ ਲਾਟ ਵਿੱਚ ਰੁਕਣ ਦੀ ਇਜਾਜ਼ਤ ਦਿੱਤੀ ਹੋਈ ਸੀ ਅਤੇ ਸੌ ਕੁ ਔਰਤਾਂ, ਮਰਦ ਅਤੇ ਬੱਚੇ ਉੱਥੇ ਪਹਿਲਾਂ ਹੀ ਇਕੱਠੇ ਹੋਏ ਸਨ। ਸਾਰਿਆਂ ਕੋਲ ਗ੍ਰਹਿਣ ਵੇਖਣ ਲਈ ਚਸ਼ਮੇ ਫੜੇ ਹੋਏ ਸਨ। ਅਸੀਂ ਵੀ ਇੱਕ ਪਾਸੇ ਥਾਂ ਲੱਭ ਕੇ ਘਾਹ ਤੇ ਬੈਠ ਗਏ। ਚਰਚ ਦੇ ਪਾਰਕਿੰਗ ਗਰਾਊਂਡ ਵਿੱਚ ਬੈਠਿਆਂ ਲਗਦਾ ਸੀ ਜਿਵੇਂ ਉਹ ਇੱਕ ਧਾਰਮਕ ਅਸਥਾਨ ਤੋਂ ਵੱਧ, ਕੋਈ ਇਨਸਾਨੀ ਜਗਿਆਸਾ ਅਤੇ ਅਚੰਭਾ ਪੂਰਤੀ ਵਾਲੀ ਬੰਦਰਗਾਹ ਹੋਵੇ। ਉਸ ਵੇਲੇ ਪੂਰੀ ਧੁੱਪ ਸੀ, ਪਰ ਜਦੋਂ ਅਸੀਂ ਚਸ਼ਮਾ ਲਾ ਕੇ ਸੂਰਜ ਵੱਲ ਵੇਖਿਆ ਤਾਂ ਤਕਰੀਬਨ ਦੋ ਤਿਆਹੀ ਸੂਰਜ ਨੂੰ ਚੰਦਰਮਾ ਢਕ ਚੁੱਕਾ ਸੀ। ਹੌਲੀ ਹੌਲੀ ਸੂਰਜ ਦਾ ਘਟ ਰਿਹਾ ਕੱਦ ਵੇਖਦਿਆਂ ਲਗਦਾ ਸੀ ਜਿਵੇਂ ਅਸੀਂ ਸੂਰਜ ਨੂੰ ਨਹੀਂ, ਸਗੋਂ ਚੰਦਰਮਾ ਵੱਲ ਵੇਖ ਰਹੇ ਹੋਈਏ, ਜਿਹੜਾ ਵਧਦਾ ਵਧਦਾ ਪੂਰਨਮਾਸ਼ੀ ਵੱਲ ਜਾਣ ਦੀ ਥਾਂ, ਘਟਦਾ ਘਟਦਾ, ਮੱਸਿਆ ਵੱਲ ਜਾ ਰਿਹਾ ਸੀ।

ਜਦੋਂ ਸੂਰਜ ਦੇ ਪੂਰੇ ਢਕੇ ਜਾਣ ਨੂੰ ਪੰਜ ਕੁ ਮਿੰਟ ਰਹਿ ਗਏ ਤਾਂ ਤੇਜ਼ੀ ਨਾਲ ਵਧ ਰਹੀ ਸ਼ਾਮ ਵਾਲਾ ਵਾਤਾਵਰਣ ਬਣ ਗਿਆ। ਦਿਨ ਦੀ ਰੌਸ਼ਨੀ ਖਤਮ ਹੋਣ ਲੱਗੀ ਤੇ ਅਜੀਬ ਜਿਹਾ, ਸੂਰਜ ਦੇ ਛਿਪਣ ਵਾਲਾ ਸਮਾਂ ਲੱਗਣ ਲੱਗਾ। ਚਰਚ ਦੀਆਂ ਸੈਂਸਰਾ ਤੇ ਲੱਗੀਆਂ ਲਾਈਟਾਂ ਵਿੱਚ ਜਾਨ ਪੈ ਗਈ। ਤਾਪਮਾਨ ਘਟ ਗਿਆ ਤੇ ਕਾਰ ਚੋਂ ਕੱਢ, ਸਾਨੂੰ ਆਪਣੇ ਸਵੈਟਰ ਪਾਉਣੇ ਪਏੇ।

ਜਦੋਂ ਚੰਦਰਮਾ ਨੇ ਸੂਰਜ ਨੂੰ ਪੂਰਾ ਢਕ ਲਿਆ, ਤਾਂ ਅਸਲੀਅਤ ਇੱਕਦਮ ਬਦਲ ਗਈ; ਦਿਨ ਦੀ ਥਾਂ, ਰਾਤ ਸੀ। ਦਿਸਹੱਦੇ ਵਿੱਚ ਹਲਕੀ ਜਿਹੀ ਲਾਲੀ ਸੀ। ਸੂਰਜ ਹੁਣ ਇੱਕ ਲਾਟ ਦਾ ਚੱਕਰ ਲੱਗ ਰਿਹਾ ਸੀ, ਉਹੋ ਜਿਹਾ ਜਿਸ ਵਿਚੋਂ ਪੁਰਾਣੇ ਸਮਿਆਂ ਵੇਲੇ ਦੇ ਬਾਜ਼ੀਗਰ, ਛਾਲਾਂ ਮਾਰਿਆ ਕਰਦੇ ਸਨ। ਲਗਦਾ ਸੀ ਕੋਈ ਬ੍ਰਹਿਮੰਡੀ ਸਵਰਗ ਵਿਚੋਂ ਸਾਡੀ ਦੁਨੀਆਂ ਤੇ ਝਾਤ ਮਾਰ ਰਿਹਾ ਹੋਵੇ, ਜਿਸ ਦੀ ਚਮਕ ਸਾਨੂੰ ਸਾਰਿਆਂ ਨੂੰ ਜੋੜ ਰਹੀ ਸੀ, ਇਕਾਗਰ ਕਰ ਰਹੀ ਸੀ, ਜਿਵੇਂ ਕੋਈ ਸੂਫੀ ਫਕੀਰ ਉਸ ਕਰਨਹਾਰੇ ਦੀ ਕਵਿਤਾ ਸੁਣਾ ਰਿਹਾ ਹੋਵੇ।

ਕੁੱਝ ਮਿੰਟਾਂ ਬਾਅਦ ਸੂਰਜ, ਚੰਦਰਮਾ ਦੀ ਪਕੜ ਵਿੱਚੋਂ ਨਿਕਲ, ਦੁਬਾਰਾ ਆਪਣਾ ਤਾਜ ਸੰਭਾਲਣ ਲੱਗਾ ਅਤੇ ਚੜ੍ਹ ਰਹੀ ਸਵੇਰ ਵਾਂਗ ਉਸ ਦੀ ਚਮਕ ਹੌਲੀ ਹੌਲੀ ਵਧਣ ਲੱਗੀ। ਪਰ ਉਹ ਕੁੱਝ ਮਿੰਟਾਂ ਵਾਲਾ ਸਾਂਝਾ ਅਹਿਸਾਸ ਹੁਣ ਸਾਡੇ ਦਿਲਾਂ ਵਿੱਚ ਪੱਕਾ ਵਾਸ ਕਰ ਚੁੱਕਾ ਸੀ।


ਸੰਪੂਰਨ ਸੂਰਜ ਗ੍ਰਹਿਣ ਨੂੰ ਵੇਖਣਾ, ਵਾਕਿਆ ਹੀ ਇੱਕ ਵਿਲੱਖਣ ਅਨੁਭਵ ਸੀ। ਕੋਈ ਅਦਭੁੱਤ ਸ਼ਾਂਤੀ ਸੀ ਜਿਹੜੀ ਸਾਨੂੰ ਸਾਰੇ ਵੇਖਣ ਵਾਲਿਆਂ ਨੂੰ ਕੁਦਰਤ ਦੀ ਵਿਸ਼ਾਲਤਾ ਨਾਲ ਜੋੜ ਰਹੀ ਸੀ। ਘਰ ਮੁੜਦਿਆਂ ਨੂੰ ਲਗਦਾ ਸੀ ਜਿਵੇਂ ਕਿਸੇ ਤੀਰਥ ਯਾਤਰਾ ਜਾਕੇ ਆਏ ਹੋਈਏ। ਚੰਦਰਮਾ ਦੇ ਪ੍ਰਛਾਂਵੇਂ ਵਿਚੋਂ ਜਿਸ ਰੋਸ਼ਨੀ ਦਾ ਸਾਨੂੰ ਅਨੁਭਵ ਹੋਇਆ, ਉਹ ਸਾਡੇ ਦਿਲਾਂ ਤੇ ਇੱਕ ਪੱਕਾ ਚਿੱਤਰ ਉਕਰਦੀ, ਸਾਨੂੰ ਸਿਰਫ ਤਾਰਿਆਂ ਨਾਲ ਹੀ ਨਹੀਂ, ਇੱਕ ਦੂਜੇ ਨਾਲ ਵੀ ਜੋੜ ਰਹੀ ਸੀ।

ਪੰਜਾਬੀ ਬੋਲੀ ਦੇ ਵਿਰਸੇ ਅਤੇ ਭਵਿੱਖ ਉੱਤੇ ਇੱਕ ਖੁੱਲੀ ਨਜ਼ਰ

ਪੰਜਾਬ ਦੀ ਧਰਤੀ ਉਪਜਾਊ ਅਤੇ ਇੱਕ ਵਿਲੱਖਣ ਰਣਨੀਤਕ ਟਿਕਾਣੇ ਤੇ ਹੋਣ ਕਰਕੇ ਐਥੋਂ ਦਾ ਇਤਿਹਾਸ ਕਿੰਨੀਆਂ ਹੀ ਸੱਭਿਅਤਾਵਾਂ, ਧਰਮਾਂ ਅਤੇ ਸਾਮਰਾਜਾਂ ਦੇ ਵਿਖਿਆਨਾਂ ਨਾਲ ਭਰਿਆ ਹੈ। ਸਿੰਧ ਘਾਟੀ ਦੀ ਸੱਭਿਅਤਾ ਤੋਂ ਲੈ ਕੇ, ਅਧੁਨਿਕ ਵਿਸ਼ਵ-ਪ੍ਰਧਾਨ ਜੁਗ ਤੀਕਰ ਇਹ ਧਰਤੀ, ਦੂਰ ਦੁਰਾਡੇ ਵਪਾਰੀਆਂ, ਵਿਜੈਤਾਵਾਂ, ਵਿਦਵਾਨਾਂ ਅਤੇ ਯਾਤਰੂਆਂ ਨੂੰ ਆਕਰਸ਼ਕ ਕਰਦੀ ਰਹੀ ਹੈ। ਸਿੱਟੇ ਵਜੋਂ ਪੰਜਾਬ ਦੀ ਸੱਭਿਅਤਾ ਵੱਖੋ ਵੱਖਰੇ ਰੰਗਾਂ ਨਾਲ ਬੁਣੀ ਫੁਲਕਾਰੀ ਹੈ ਜਿਸਦੀ ਰੂਹ ਅਤੇ ਦਿਲਾਂ ਦੀ ਧੜਕਣ, ਐਥੋਂ ਦੀ ਸੁਰੀਲੀ ਪੰਜਾਬੀ ਬੋਲੀ ਹੈ। ਆਚਾਰਾਂ, ਕਦਰਾਂ, ਮਾਣ ਤੇ ਸੰਗੀਤ ਨਾਲ ਗੁੰਦੀ ਇਹ ਬੋਲੀ, ਕਰੋੜਾਂ ਮਾਣਮੱਤੇ ਲੋਕਾਂ ਦੇ ਵਿਰਸੇ ਦਾ ਇੱਕ ਅਟੁੱਟ ਅੰਗ ਹੈ।
ਲਗਾਤਾਰ ਬਦਲਦੇ ਵਕਤ ਨਾਲ ਹਰ ਬੋਲੀ ਨੂੰ ਨਵੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ, ਜਿਸ ਨਾਲ ਬੋਲੀ ਨੂੰ ਪਿਆਰ ਕਰਨ ਵਾਲਿਆਂ ਦੇ ਮਨਾਂ ਚ ਨਵੇਂ ਸ਼ੰਕੇ ਉਪਜਣੇ ਸ਼ੁਰੂ ਹੋ ਜਾਂਦੇ ਹਨ। ਪਿਛਲੇ ਪੰਜਾਹ ਕੁ ਸਾਲਾਂ ਵਿੱਚ ਸਾਇੰਸ ਅਤੇ ਤਕਨੀਕਤਾ ਨੇ ਅਜਿਹੀ ਸਪੀਡ ਨਾਲ ਤਰੱਕੀ ਕੀਤੀ ਹੈ ਕਿ ਇਹ ਨਿੱਕਾ ਸਮਾਂ ਆਪਣੇ ਆਪ ਵਿੱਚ ਇੱਕ ਯੁੱਗ ਬਣ ਗਿਆ ਹੈ; ਐਨੀ ਤਰੱਕੀ ਦੁਨੀਆਂ ਨੇ ਪਹਿਲੇ ਹਜ਼ਾਰ ਸਾਲਾਂ ਵਿੱਚ ਵੀ ਨਹੀਂ ਸੀ ਵੇਖੀ। ਇਸ ਤੇਜ਼ ਬਦਲਦੀ ਦੁਨੀਆਂ ਨਾਲ ਕਿਹੜੀ ਬੋਲੀ ਬਚੇਗੀ ਅਤੇ ਕਿਹੜੀ ਖਤਮ ਹੋ ਜਾਵੇਗੀ, ਵਰਗੇ ਸੁਆਲ ਪੈਦਾ ਹੋਣੇ ਕੁਦਰਤਨ ਹੈ। ਪੰਜਾਬੀ ਦੇ ਬੁੱਧੀਜੀਵੀਆਂ ਅਤੇ ਪੰਜਾਬੀ ਵਿਰਸੇ ਨਾਲ ਮੋਹ ਰੱਖਣ ਵਾਲਿਆਂ ਵਿੱਚ ਵੀ, ਪੰਜਾਬੀ ਬੋਲੀ ਦੇ ਭਵਿੱਖ ਨੂੰ ਲੈਕੇ ਇੱਕ ਅਜੀਬ ਜਿਹਾ ਡਰ ਤੇ ਅਣਸੁਖਾਵਾਂਪਣ ਨਜ਼ਰ ਆਉਂਦਾ ਹੈ। ਸ਼ੁੱਧਤਾ-ਪੱਖੀ ਅਤੇ ਪ੍ਰੰਪਰਾਗਤ ਵਿਦਵਾਨਾਂ ਦੀ ਰਾਇ ਹੈ ਕਿ ਪੰਜਾਬੀ ਦੀ ਪਵਿਤ੍ਰਤਾ ਨੂੰ ਬਚਾਉਣ ਲਈ ਸਾਡੇ ਲਈ ਜ਼ਰੂਰੀ ਹੈ ਕਿ ਆਪਾਂ ਗੈਰ ਸ਼ਬਦਾਂ ਨੂੰ ਪੰਜਾਬੀ ਬੋਲੀ ਵਿੱਚ ਵੜ ਕੇ ਆਪਣੀ ਜ਼ੁਬਾਨ ਨੂੰ ਗੰਧਲਾ ਨਾਂ ਕਰਨ ਦੇਈਏ, ਕਿਓਂਕਿ ਬੋਲੀ ਦਾ ਸੁਹੱਪਣ ਤੇ ਪਾਕੀਜ਼ਗੀ ਸਿਰਫ ਉਸਦੇ ਸ਼ੁੱਧ ਰੂਪ ਵਿੱਚ ਹੀ ਮਹਿਸੂਸ ਕੀਤੇ ਜਾ ਸਕਦੇ ਹਨ।
ਪਰੰਤੂ ਸਵਾਲ ਇਹ ਹੈ ਕਿ ਕੀ ਸਖਤਾਈ ਨਾਲ ਸਾਂਭੀ ਸ਼ੁੱਧਤਾ, ਪੰਜਾਬੀ ਲਈ ਵਧੀਆ ਭਵਿੱਖ ਹੈ? ਬਿਨਾਂ ਸ਼ੱਕ ਇਹ ਜ਼ਰੂਰੀ ਹੈ ਕਿ ਸਾਨੂੰ ਆਪਣੀ ਬੋਲੀ ਦੀਆਂ ਨੀਹਾਂ ਦੀ ਕਦਰ ਕਰਨੀ ਅਤੇ ਉਹਨਾਂ ਨੂੰ ਸਾਂਭਣਾ ਚਾਹੀਦਾ ਹੈ। ਪਰ ਬੋਲੀਆਂ ਬੇਜਾਨ ਚੀਜ਼ਾਂ ਨਹੀਂ ਹੁੰਦੀਆਂ—ਇਹ ਵੀ ਸਾਡੇ ਵਾਂਗ ਜਿਉਂਦੀਆਂ ਜਾਗਦੀਆਂ ਨੇ; ਇਹ ਵੀ ਸਾਹ ਲੈਂਦੀਆਂ, ਵਧਦੀਆਂ, ਫੁੱਲਦੀਆਂ ਨੇ ਤੇ ਆਪਣੇ ਆਪ ਨੂੰ, ਆਪਣੇ ਦੁਆਲੇ ਦੇ ਬਦਲਦੇ ਵਾਤਾਵਰਨ ਦੇ ਅਨੁਸਾਰ ਢਾਲਦੀਆਂ ਨੇ।


ਤਬਦੀਲੀ ਭਾਸ਼ਾਵਾਂ ਦਾ ਕੁਦਰਤੀ ਸੁਭਾਅ ਹੈ।
ਬੋਲੀਆਂ ਕਿਸੇ ਸਥਾਈ ਚਟਾਨ ਵਾਂਗ ਨਹੀਂ ਹੁੰਦੀਆਂ। ਸਗੋਂ ਇਹ ਤਬਦੀਲੀ ਦੇ ਬਹਾਅ ਵਿੱਚ ਫਸੀਆਂ ਹਨ ਅਤੇ ਇਨਸਾਨੀ ਵਿਕਾਸ ਦੇ ਨਾਲ ਨਾਲ ਆਪਣਾ ਰੂਪ ਬਦਲਦੀਆਂ ਰਹਿੰਦੀਆਂ ਹਨ। ਬੋਲੀ ਦਾ ਹਰ ਸੁਰ, ਹਰ ਸ਼ਬਦ, ਹਰ ਵਾਕ-ਰਚਨਾ, ਹਜ਼ਾਰਾਂ ਮਨੁੱਖੀ ਤਜਰਬਿਆਂ, ਰੂਪਾਂਤਰਾਂ, ਅਤੇ ਮਿਲਵਰਤਣਾਂ ਦੀ ਪੈੜ ਨਿਸ਼ਾਨੀ ਹੁੰਦਾ ਹੈ। ਜੇਕਰ ਬਾਬੇ ਫਰੀਦ ਦੇ ਸੁਰਾਂ ਬੱਧੇ ਵਚਨ, ਅੱਜ ਦੀ ਸ਼ਹਿਰੀ ਬੋਲੀ ਨਾਲ਼ ਮੇਲ ਨਹੀਂ ਖਾਂਦੇ, ਇਸ ਦਾ ਮਤਲਬ ਇਹ ਨਹੀਂ ਕਿ ਪੰਜਾਬੀ ਪਤਲੀ ਹੋ ਰਹੀ ਹੈ, ਇਹ ਤਾਂ ਸਗੋਂ ਇਸ ਦੇ ਲਗਾਤਾਰ ਵਿਕਾਸ, ਜਿਊਣ-ਸ਼ਕਤੀ ਅਤੇ ਲਚੀਲੇਪਣ ਦੀ ਨਿਸ਼ਾਨੀ ਹੈ, ਕਿ ਕਿਵੇਂ ਇਹ ਬਦਲਦੀ ਦੁਨੀਆਂ ਨਾਲ ਬਦਲ, ਜ਼ਿੰਦਾ ਰਹਿ ਸਕਦੀ ਹੈ।


ਅੰਗ੍ਰੇਜ਼ੀ ਜ਼ੁਬਾਨ ਤਬਦੀਲੀ ਦੀ ਮਿਸਾਲ
ਤੁਲਨਾਤਮਕ ਤੌਰ ਤੇ ਆਪਾਂ ਅੰਗ੍ਰੇਜ਼ੀ ਬੋਲੀ ਤੇ ਨਜ਼ਰ ਮਾਰੀਏ। ਸ਼ੈਕਸਪੀਅਰ ਦੇ ਡਰਾਮਿਆਂ ਦੀ ਵਿਸਥਾਰਪੂਰਵਕ, ਭਰਪੂਰ ਸ਼ੈਲੀ, ਸ਼ਬਦਾਵਲੀ, ਅਤੇ ਲਹਿਜ਼ਾ, ਅਜੋਕੀ ਅੰਗ੍ਰੇਜ਼ੀ ਬੋਲਣ ਵਾਲੇ ਲਈ ਇੱਕ ਚੁਣੌਤੀ ਹੈ। ਪਰ ਕੀ ਇਸ ਵਕਤੀ ਪਾੜ ਨੂੰ ਅੰਗ੍ਰੇਜ਼ੀ ਬੋਲਣ ਵਾਲੇ ਡਰ ਜਾਂ ਖਤਰੇ ਵਾਲੀ ਐਨਕ ਨਾਲ ਵੇਖਦੇ ਨੇ? ਨਹੀ, ਅੰਗ੍ਰੇਜ਼ੀ ਜ਼ੁਬਾਨ ਦਾ ਇਹ ਬਦਲਦਾ ਰੂਪ ਅੰਗ੍ਰੇਜ਼ੀ ਦੇ ਅਣੋਖੇ ਸਫਰ ਦੀ ਇੱਕ ਦਿਲਚਸਪ ਕਹਾਣੀ ਬਣ ਗਿਆ ਹੈ, ਕਿ ਕਿਵੇਂ ਇਹ ਮੱਧਕਾਲੀ ਮਹਾਰਾਜਿਆਂ ਦੀਆਂ ਅਦਾਲਤਾਂ ਤੋਂ ਲੈ ਕੇ ਅਜੋਕੇ ਡਿਜੀਟਲ ਪਲੇਟਫਾਰਮ ਤੀਕਰ, ਆਪਣੇ ਆਪ ਨੂੰ ਵਾਤਾਵਰਨ ਦੇ ਅਨੁਕੂਲ ਬਣਾਉਂਦੀ, ਵਿਕਾਸ ਦਾ ਹਿੱਸਾ ਬਣਦੀ ਰਹੀ ਏ। ਕਿਵੇਂ ਇਹ, ਲਾਤੀਨੀ, ਫਰਾਂਸੀਸੀ, ਜਰਮਨ ਤੇ ਹੋਰ ਅਨੇਕਾਂ ਭਾਸ਼ਾਵਾਂ ਦੀ ਸ਼ਬਦਾਵਲੀ ਨੂੰ ਆਪਣੇ ਆਪ ਵਿੱਚ ਸਮੋਂਦੀ ਅਤੇ ਉਹਨਾਂ ਸ਼ਬਦਾਂ ਨੂੰ ਆਪਣੇ ਰੂਪ ਵਿੱਚ ਰੰਗਦੀ ਰਹੀ ਹੈ। ਵਿਸ਼ਵਕਰਨੀ ਤਬਦੀਲੀਆਂ ਦੇ ਭਾਰ ਥੱਲੇ ਆ, ਖਤਮ ਹੋਣ ਦੀ ਜਗ੍ਹਾ, ਅੰਗ੍ਰੇਜ਼ੀ ਜ਼ੁਬਾਨ ਵਧਦੀ ਫੁੱਲਦੀ ਗਈ, ਬੇਲੋੜੀ ਹੋਣ ਤੋਂ ਬਚਣ ਲਈ ਬਦਲਦੀ ਗਈ, ਲੋਕਾਂ ਦੇ ਕੰਮ ਆਉਂਦੀ ਗਈ।


ਬੋਲੀ ਦੀ ਬਣਤਰ: ਗਰਾਮਰ ਅਤੇ ਵਾਕ-ਰਚਨਾ
ਹਰ ਬੋਲੀ ਇੱਕ ਗੁੰਝਲਦਾਰ ਤਾਣਾਬਾਣਾ ਹੁੰਦੀ ਹੈ ਜਿਹੜੀ ਪ੍ਰਚੱਲਤ ਸ਼ਬਦਾਂ ਦੀ ਵਰਤੋਂ, ਵੱਖੋ ਵੱਖਰੇ ਰੰਗਾਂ ਅਤੇ ਸਾਈਜ਼ ਵਾਲੇ ਮਣਕਿਆਂ ਦੇ ਤੌਰ ਤੇ ਕਰਦੀ ਹੈ। ਸ਼ਬਦਾਵਲੀ ਰੂਪੀ ਮਣਕਿਆਂ ਰਾਹੀਂ, ਭਾਸ਼ਾ ਆਪਣੀ ਗੱਲ ਸਮਝਾ ਸਕਦੀ ਹੈ, ਪਰ ਕਿਸੇ ਵੀ ਭਾਸ਼ਾ ਦੀ ਜੜ੍ਹ ਉਹਦੀ ਗਰਾਮਰ ਅਤੇ ਵਾਕ-ਰਚਨਾ ਹੁੰਦੀ ਹੈ। ਗਰਾਮਰ ਤੇ ਵਾਕ ਰਚਨਾ ਭਾਸ਼ਾ ਦੇ ਇੰਜਨੀਅਰ ਹੁੰਦੇ ਹਨ ਜਿਹੜੇ ਮਣਕਿਆਂ ਨੂੰ ਫਿਕਰਿਆਂ ਦਾ ਰੂਪ ਦਿੰਦੇ ਹਨ ਤਾਂ ਜੋ ਗੱਲ ਨੂੰ, ਸੌਖਿਆਂ ਅਤੇ ਸਹੀ ਬਹਾ ਵਿੱਚ ਸਮਝਾਇਆ ਜਾ ਸਕੇ। ਇੱਕ ਵਾਰ ਮੈਂ ਚੰਡੀਗੜ ਕਿਸੇ ਕਾਨਫਰੰਸ ਵਿੱਚ ਬੈਠਾ ਜਾਵੇਦ ਅਖਤਰ ਨੂੰ ਸੁਣ ਰਿਹਾ ਸਾਂ। ਉਹਨਾਂ ਇੱਕ ਬੜਾ ਦਿਲਚਸਪ ਸਵਾਲ ਪੁੱਛਿਆ। ਯੇ ਹਾਲ ਏਅਰ ਕੰਡੀਸ਼ਨਡ ਹੈ, ਕੀ ਇਹ ਫਿਕਰਾ ਹਿੰਦੀ ਦਾ ਹੈ, ਜਾਂ ਇੰਗਲਿਸ਼ ਦਾ? ਉਹਨਾਂ ਖੁਦ ਹੀ ਇਸਦਾ ਜਵਾਬ ਦਿੱਤਾ ਕਿ ਬੇਸ਼ੱਕ ਇਸ ਫਿਕਰੇ ਵਿੱਚ ਤਿੰਨ ਵੱਡੇ ਲਫਜ਼ ਅੰਗ੍ਰੇਜ਼ੀ ਅਤੇ ਸਿਰਫ ਦੋ, ਤੇ ਵੀ ਉਹ ਵੀ ਸਭ ਤੋਂ ਨਿੱਕੇ, ਹਿੰਦੀ ਦੇ ਹਨ, ਇਹ ਫਿਕਰਾ ਹਿੰਦੀ ਦਾ ਹੀ ਹੈ ਕਿਉਂਕਿ ਇਸ ਵਿੱਚ ਗਰਾਮਰ ਤੇ ਵਾਕ ਰਚਨਾ ਹਿੰਦੀ ਦੀ ਹੈ। ਇਸੇ ਤਰਾਂ, ‘ਦਿਸ ਕਮਰਾ ਇਜ਼ ਪੂਰਾ ਠੰਡਾ’ ਨੂੰ ਘੋਖ ਕੇ ਵੇਖੋ ਤਾਂ ਇਹ ਫਿਕਰਾ ਅੰਗ੍ਰੇਜ਼ੀ ਦਾ ਹੈ ਜਿਸ ਵਿੱਚ ਤਿੰਨ ਪੰਜਾਬੀ ਦੇ ਸ਼ਬਦ ਵਰਤੇ ਗਏ ਹਨ।


ਦੂਜੀ ਭਾਸ਼ਾ ਦੇ ਸ਼ਬਦਾਂ ਨੂੰ ਅਪਨਾ ਲੈਣਾ, ਭਾਸ਼ਾ ਲਈ ਕੋਈ ਖਤਰੇ ਵਾਲੀ ਗੱਲ ਨਹੀਂ ਹੁੰਦੀ; ਇਹ ਤਾਂ ਸਗੋਂ ਭਾਸ਼ਾ ਨੂੰ ਵਿਕਸਤ ਅਤੇ ਅਮੀਰ ਹੋਣ ਦੇ ਮੌਕੇ ਪ੍ਰਦਾਨ ਕਰਦਾ ਹੈ। ਜਿਵੇਂ ਦਰਿਆ, ਚੋਆਂ ਅਤੇ ਨਦੀ ਨਾਲਿਆਂ ਦਾ ਪਾਣੀ ਲੈ ਲੈ ਕੇ, ਹੌਲੀ ਹੌਲੀ ਵੱਡਾ ਤੇ ਤਾਕਤਵਰ ਬਣ ਜਾਂਦਾ ਹੈ, ਇਸੇ ਤਰਾਂ ਬੋਲੀਆਂ, ਦੂਜੀਆਂ ਬੋਲੀਆਂ ਦੀ ਸ਼ਬਦਾਵਲੀ ਨੂੰ ਗਲਵੱਕੜੀ ਲੈ, ਆਪਣੇ ਆਪ ਨੂੰ ਨਰੋਆ ਤੇ ਬਦਲਦੀ ਦੁਨੀਆਂ ਦੇ ਅਨੁਕੂਲ ਕਰ ਲੈਂਦੀਆਂ ਹਨ। ਇਸ ਤਰਾਂ ਕਰਨ ਨਾਲ ਬੋਲੀ ਨਵੀਆਂ ਪੀੜੀਆਂ ਵਿੱਚ ਆਪਣੇ ਲਈ ਨਵੀਂ ਚਾਹਤ ਪੈਦਾ ਕਰਦੀ ਹੈ ਤੇ ਉਹ ਇਸ ਬੋਲੀ ਨੂੰ ਇਸ ਲਈ ਸਿੱਖਦੇ ਹਨ ਤਾਂ ਜੋ ਉਹ ਉਹਨੂੰ ਸੌਖਿਆਂ ਵਰਤ ਸਕਣ, ਨਾਂ ਕਿ ਇਸ ਕਰਕੇ ਕਿ ਇਹ ਉਹਨਾਂ ਦੇ ਪੁਰਖਿਆਂ ਦੀ ਜਾਇਦਾਦ ਹੈ, ਜਿਸਨੂੰ ਸੰਭਾਲ ਕੇ ਰੱਖਣ ਦੀ ਜਿੰਮੇਵਾਰੀ ਉਹਨਾਂ ਦੇ ਮੋਢਿਆਂ ਤੇ ਭਾਰ ਹੈ।


ਵਿਕਾਸ ਤੇ ਝਾਤ- ਭਵਿੱਖ ਤੇ ਇੱਕ ਨਜ਼ਰ
ਆਪਣੇ ਇਤਿਹਾਸ, ਦੂਜੇ ਮੁਲਕਾਂ ਉੱਤੇ ਜਿੱਤਾਂ, ਵਪਾਰ ਅਤੇ ਸਭਿਅਤਾ ਦੀਆਂ ਨੀਹਾਂ ਤੇ ਖੜੋ, ਅੰਗ੍ਰੇਜ਼ੀ ਦਾ ਬਾਕੀ ਬੋਲੀਆਂ ਦੇ ਉੱਤੋਂ ਸਿਰ ਕੱਢ ਲੈਣ ਦਾ ਕਾਰਨ, ਇਸ ਬੋਲੀ ਦੇ ਲਚਕੀਲਾਪਣ ਅਤੇ ਅਡੈਪਟੇਬਿਲਿਟੀ, ਮਤਲਬ ਵਾਤਾਵਰਨ ਦੇ ਅਨੁਕੂਲ ਹੋ ਸਕਣ ਦੀ ਯੋਗਤਾਹੈ। ਇਸੇ ਲਚਕੀਲੇਪਣ ਅਤੇ ਅਡੈਪਟੇਬਿਲਿਟੀ ਸਦਕਾ, ਅੰਗ੍ਰੇਜ਼ੀ ਵਿਭਿੰਨ ਖਿਆਲਾਂ, ਸੱਭਿਆਚਾਰਾਂ ਤੇ ਵਿਕਾਸਾਂ ਦੇ ਨਾਲ ਇੱਕ ਮਿੱਕ ਹੁੰਦੀ ਰਹੀ ਹੈ। ਹਰ ਸਾਲ ਆਪਾਂ ਵੇਖਦੇ ਹਾਂ ਕਿਵੇਂ, ਕਿੰਨੇ ਹੀ ਨਵੇਂ ਸ਼ਬਦ ਜਿਹੜੇ ਅੰਗ੍ਰੇਜ਼ੀ ਦੀ ਡਿਕਸ਼ਨਰੀ ਵਿੱਚ ਜੋੜੇ ਜਾਂਦੇ ਹਨ, ਕਿਵੇਂ ਵੱਖੋ ਵੱਖਰੀਆਂ ਬੋਲੀਆਂ, ਸੱਭਿਆਤਾਵਾਂ ਤੇ ਤਕਨੀਕੀ ਵਿਕਾਸ ਵਿੱਚੋਂ ਲਏ ਹੁੰਦੇ ਹਨ।


ਪੰਜਾਬੀ ਨੂੰ ਅੰਗ੍ਰੇਜ਼ੀ ਦੇ ਵਿਸ਼ਵਕਰਨੀ ਰਸੂਖ ਤੋਂ ਡਰਨ ਜਾਂ ਨਿਰਾਸ਼ ਹੋਣ ਦੀ ਜਗ੍ਹਾ, ਅੰਗ੍ਰੇਜ਼ੀ ਦੇ ਇਸ ਸਫਰ ਤੋਂ ਆਪਣੇ ਲਈ ਨਕਸ਼ੇਕਦਮ ਤਿਆਰ ਕਰਨ ਦੀ ਜ਼ਰੂਰਤ ਹੈ ਕਿ ਕਿਵੇਂ ਇਹਨੇ, ਇਸ ਘਸ ਰਹੀਆਂ ਹੱਦਾਂ ਵਾਲੀ ਨਵੀਂ ਦੁਨੀਆਂ ਵਿੱਚ, ਪ੍ਰਫੁੱਲਤ ਹੋਣਾ ਹੈ। ਭਵਿੱਖ ਲਈ ਤਿਆਰ ਹੋਣ ਦਾ ਮਤਲਬ ਇਸ ਵਿਸ਼ਵਕਰਨੀ ਬਗੀਚੇ ਨੂੰ ਇੱਕ ਜੰਗੀ ਮੈਦਾਨ ਵਾਂਗੂ ਨਹੀਂ, ਸਗੋਂ ਉਸ ਬੁਣੀ ਜਾ ਰਹੀ ਨਵੀਂ ਫੁਲਕਾਰੀ ਵਾਂਗ ਵੇਖਣ ਦੀ ਲੋੜ ਹੈ, ਜਿਸ ਵਿੱਚ ਹਰ ਜਿਉਂਦੀ ਬੋਲੀ, ਇੱਕ ਵਿਲੱਖਣ ਰੰਗ ਵਾਲੇ ਧਾਗੇ ਵਾਂਗ ਹੋਵੇਗੀ, ਜਿਸ ਬਿਨਾਂ ਇਹ ਫੁਲਕਾਰੀ ਪੂਰੀ ਨਹੀਂ ਲੱਗੇਗੀ।


ਇਸੇ ਦਲੀਲ ਨੂੰ ਅੱਗੇ ਤੋਰਦਿਆਂ, ਜੇਕਰ ਪੰਜਾਬੀ, ਉਹਨੇ ਮੇਰੇ ਸਿਰ ਵਿੱਚ ਸਟੋਨ ਮਾਰਿਆ, ਅਤੇ ਜਾਂ, ਟਰੀਜ਼ ਤੋਂ ਲੀਵਜ਼ ਫਾਲ ਕਰ ਰਹੇ ਨੇ, ਵਰਗੇ ਫਿਕਰਿਆਂ ਨੂੰ ਸਵੀਕਾਰ ਕਰ ਲਵੇ ਤਾਂ ਇਸ ਨਾਲ ਪੰਜਾਬੀ ਬੋਲੀ ਨੂੰ ਢਾਹ ਲੱਗਣਾ ਨਹੀਂ ਆਖਾਂਗੇ। ਸਗੋਂ ਇੱਕ ਦਿਨ ਆਉਣ ਵਾਲੀਆਂ ਪੀੜ੍ਹੀਆਂ ਲਈ, ਸਕੂਲ, ਗਲਾਸ, ਸਟੇਸ਼ਨ, ਤੇ ਪੇਪਰ ਵਰਗੇ ਸ਼ਬਦਾਂ ਵਾਂਗ, ਸਟੋਨ, ਟਰੀਜ਼, ਲੀਵਜ਼ ਤੇ ਫਾਲ ਵਰਗੇ ਸ਼ਬਦ ਵੀ, ਪੰਜਾਬੀ ਜ਼ੁਬਾਨ ਦਾ ਅਟੁੱਟ ਹਿੱਸਾ ਲੱਗਣ ਲੱਗ ਜਾਣਗੇ। ਇਹ ਸਬੂਤ ਹੋਵੇਗਾ, ਪੰਜਾਬੀ ਦੀ ਚਲਦੀ ਨਬਜ਼ ਦਾ ਅਤੇ ਇਸਦੇ ਧੜਕਦੇ ਦਿਲ ਦਾ। ਸਿੱਟੇ ਵਜੋਂ, ਆਉਣ ਵਾਲੀਆਂ ਪੀੜ੍ਹੀਆਂ ਲਈ ਇਹ ਬੋਲੀ, ਆਪਣੀ ਤਾਕਤ ਅਤੇ ਰੈਲੇਵੈਂਸ (ਪ੍ਰਸੰਗ) ਬਣਾਈ ਰੱਖ ਸਕੇੇਗੀ।


ਬਦਲਦੀ ਦੁਨੀਆਂ ਵਿੱਚ ਆਪਣੇ ਵਿਰਸੇ ਨੂੰ ਬਚਾਈ ਰੱਖਣਾ
ਬੋਲੀ ਨੂੰ ਬਚਾਉਣ ਦਾ ਇਹ ਮਤਲਬ ਨਹੀਂ ਹੁੰਦਾ ਕਿ ਉਸ ਦੁਆਲੇ ਕੋਈ ਕੰਧ ਖੜ੍ਹੀ ਕਰ ਦੇਈਏ ਤਾਂ ਜੋ ਉਹ ਬਾਹਰੀ ਅਸਰਾਂ ਤੋਂ ਬਚੀ ਰਹਿ ਸਕੇ। ਇਹਨੂੰ ਬਚਾਉਣ ਦਾ ਇੱਕੋ ਤਰੀਕਾ ਹੈ ਕਿ ਇਹਨੂੰ ਬੋਲਣ ਵਾਲੇ, ਸਿੱਧੇ ਜਾਂ ਅਸਿੱਧੇ ਤੌਰ ਤੇ, ਦੂਜੀਆਂ ਸੱਭਿਅਤਾਵਾਂ, ਬਦਲਦੀ ਤਕਨਾਲੋਜੀ ਤੇ ਵਿਕਸਤ ਹੋ ਰਹੀਆਂ ਦੂਜੀਆਂ ਬੋਲੀਆਂ ਦੇ ਲਗਾਤਾਰ ਸੰਪਰਕ ਵਿੱਚ ਰਹਿਣ। ਬੋਲੀਆਂ ਸਿਰਫ ਸੰਪਰਕ ਦਾ ਸਾਧਨ ਹੀ ਨਹੀਂ ਹੁੰਦੀਆਂ, ਇਹ ਜਿਉਂਦੀਆਂ ਜਾਗਦੀਆਂ ਚੀਜ਼ਾਂ ਨੇ, ਜਿਹਨਾਂ ਨੂੰ ਆਪਣੀ ਧੜਕਣ ਕਾਇਮ ਰੱਖਣ ਲਈ, ਸਾਹ ਲੈਣ, ਅਤੇ ਵਧਣ ਫੁੱਲਣ ਲਈ ਬਦਲਦੇ ਵਾਤਾਵਰਨ ਨਾਲ ਸੰਪਰਕ ਰੱਖਣ ਦੀ ਲੋੜ ਹੁੰਦੀ ਹੈ। ਮਨੁੱਖੀ ਇਤਿਹਾਸ ਦੱਸਦਾ ਹੈ ਕਿ ਉਹੀਓ ਬੋਲੀਆਂ ਜਿਉਂਦੀਆਂ ਜਾਗਦੀਆਂ ਅਤੇ ਧੜਕਦੀਆਂ ਰਹਿੰਦੀਆਂ ਹਨ ਜਿਹੜੀਆਂ ਮਨੁੱਖੀ ਤਜਰਬਿਆਂ ਦੇ ਵਿਕਸਤ ਹੋ ਰਹੇ ਬਗੀਚੇ ਦੇ ਨਾਲ ਨਾਲ ਪੁੰਗਰਦੀਆਂ ਰਹਿੰਦੀਆਂ ਨੇ। ਹੱਦਾਂ ਵਿੱਚ ਸੀਮਤ ਰੱਖੀਆਂ ਬੋਲੀਆਂ ਹੌਲੀ ਹੌਲੀ ਅਲੋਪ ਜਾਂ ਇਰਰੈਲੇਵੈਂਟ (ਬੇਪ੍ਰਸੰਗ) ਹੋ ਜਾਂਦੀਆਂ ਹਨ।


ਆਪਣੀ ਇਸ ਰਸ-ਮਈ ਅਤੇ ਗਹਿਰਾਈਆਂ ਭਰੀ ਪੰਜਾਬੀ ਬੋਲੀ ਦਾ ਵਿਰਸਾ ਸਦੀਆਂ ਪੁਰਾਣਾ ਹੈ। ਇਹ ਲੋਕਾਂ ਦੀ ਰੂਹ ਅਤੇ ਉਹਨਾਂ ਦੇ ਹਠ ਅਤੇ ਵਿਕਾਸ ਦੀ ਕਹਾਣੀ ਹੈ। ਆਪਣੇ ਲੰਮੇ ਸਫਰ ਦੌਰਾਨ, ਪੁਰਾਣੇ ਸ਼ਾਸਤਰਾ ਅਤੇ ਗੁਰਬਾਣੀ ਤੋਂ ਲੈ ਕੇ, ਅਜੋਕੇ ਡਿਜੀਟਲ ਯੁੱਗ ਤੀਕ ਇਹ ਬੋਲੀ ਬਹੁਤ ਤਬਦੀਲੀਆਂ ਵਿੱਚੋਂ ਲੰਘੀ ਹੈ ਅਤੇ ਆਪਣੇ ਆਪੇ ਨੂੰ ਗਵਾਏ ਬਗੈਰ ਇਸ ਨੇ ਫਾਰਸੀ, ਅਰਬੀ, ਸੰਸਕ੍ਰਿਤ ਤੇ ਅੰਗ੍ਰੇਜ਼ੀ ਵਰਗੀਆਂ ਭਾਸ਼ਾਵਾਂ ਦੇ ਅਨੇਕਾਂ ਸ਼ਬਦਾਂ ਨੂੰ ਆਪਣਾ ਬਣਾ ਲਿਆ ਹੈ। ਇਸਦੀ ਇਹ ਅਡੈਪਟੇਬਿਲਿਟੀ ਇਹਦੀ ਤਾਕਤ ਅਤੇ ਵਾਤਾਵਰਨ ਅਨੁਸਾਰ ਢਲ ਸਕਣ ਦੀ ਯੋਗਤਾ ਦਾ ਸਬੂਤ ਹੈ।


ਪੰਜਾਬੀ ਦੀ ਅਹਿਮੀਅਤ ਨੂੰ ਸਦ-ਬ੍ਰਕਰਾਰ ਰੱਖਣ ਲਈ, ਇਸਦੇ ਸੁਨਹਿਰੀ ਵਿਰਸੇ ਅਤੇ ਭਵਿੱਖ ਲਈ ਲੋੜੀਂਦੀ ਤਬਦੀਲੀ ਵਿੱਚਕਾਰ ਇੱਕ ਸੰਤੁਲਨ ਕਾਇਮ ਕਰਨ ਦੀ ਲੋੜ ਹੈ। ਪੰਜਾਬੀ ਬੋਲੀ ਸਿਰ ਉੱਚਾ ਕਰਕੇ ਭਵਿੱਖ ਵਿੱਚ ਵਿਚਰ ਸਕੇ, ਇਸ ਲਈ ਇਸ ਨੂੰ ਆਪਣੇ ਭਰਪੂਰ ਵਿਰਸੇ ਦੇ ਨਾਲ ਨਾਲ, ਬਦਲਦੀ ਹਵਾ, ਨਵੇਂ ਵਿਚਾਰਾਂ, ਨਵੀਆਂ ਧਾਰਨਾਵਾਂ ਨਾਲ ਜੁੜੇ ਰਹਿਣ ਦੀ ਲੋੜ ਹੈ। ਪੁਰਾਣੀਆਂ ਪਿਰਤਾਂ ਅਤੇ ਨਵੇਂ ਵਿਕਾਸ ਦੇ ਸੁਮੇਲ ਨਾਲ ਪੰਜਾਬੀ ਦੀ ਧੜਕਣ ਹਮੇਸ਼ਾ ਬਣੀ ਰਹੇਗੀ ਅਤੇ ਇਹ ਆਉਣ ਵਾਲੀਆਂ ਪੀੜ੍ਹੀਆ ਦੇ ਦਿਲਾਂ ਵਿੱਚ ਵਸਦੀ ਰਹੇਗੀ।

ਨਾਮ ਜਪਣਾ—ਸਾਡੀ ਲੋੜ ਅਤੇ ਇਰਾਦਿਆਂ ਤੇ ਇੱਕ ਖੁੱਲੀ ਝਾਤ

ਹੋ ਜੋ ਖ਼ਬਰਦਾਰ !! ਸਮਝੋ ਕੌਣ ਹੈ ਮਾਸੂਮ ਚਿਹਰੇ ਵਾਲੀ ਬਲ਼ਾ ਜਿਸਤੋਂ ਮਾਨਵਤਾ ਨੂੰ ਖ਼ਤਰਾ ਹੈ?

ਪੋਸਟ ਪੜਨ ਲਈ, ਹੇਠਲੇ ਲਿੰਕ ਤੇ ਕਲਿੱਕ ਕਰੋ:

https://www.babushahi.com/punjabi/opinion.php?oid=3851

 ਹਮਲਾ ਸਿਕੇਡਿਆਂ ਦਾ

ਉਹ ਹਮਲਾਵਰ ਫੌਜਾਂ ਦੀਆਂ ਪਲਟੂਨਾਂ ਦੇ ਅੰਦਾਜ਼ ਨਾਲ ਆਉਣੇ ਸ਼ੁਰੂ ਹੋਏੇ, ਲੱਖਾਂ, ਕਰੋੜਾਂ, ਅਰਬਾਂ, ਖਰਬਾਂ ਦੀ ਗਿਣਤੀ ਵਿੱਚ।ਇੱਕ ਤੋਂ ਬਾਅਦ ਦੂਜਾ ਇੱਕ ਇੱਕ ਕਰਕੇ ਅਮਰੀਕਾ ਦੇ ਵਾਸ਼ਿੰਗਟਨ ਡੀਸੀ ਅਤੇ ਪੰਦਰਾਂ ਪੂਰਬੀ ਸੂਬਿਆਂ ਨੂੰ ਘੇਰ ਲਿਆ। ਉਹ ਹਰ ਪਾਸੇ ਸਨ, ਵੱਡੇ ਵੱਡੇ ਰੁੱਖਾਂ ਨੂੰ ਘੇਰੀਂ ਬੈਠੇ, ਚੀਕ ਚਿਹਾੜਾ ਪਾਂਉਂਦੇ; ਤੇ ਫੇਰ ਬੱਸ ਗਾਇਬ, ਇੱਕ ਦਮ ਗਾਇਬ, ਤੇ ਦੁਬਾਰਾ ਫੇਰ ਚੁੱਪ ਚਾਂ ਵਰਤ ਗਈ। ਕੀ ਕ੍ਰਿਸ਼ਮਾ ਹੈ ਕੁਦਰਤ ਦਾ, ਕੀ ਅਜੀਬ ਜ਼ਿੰਦਗੀ, ਸਤਾਰਾਂ ਸਾਲਾਂ ਦੇ ਧਰਤੀ ਅੰਦਰਲੇ ਬਚਪਨ ਤੋਂ ਬਾਅਦ ਸਿਰਫ ਦੋ ਤਿੰਨ ਹਫਤੇ ਦੀ ਖੁੱਲੀ ਹਵਾ ਤੇ ਚਾਨਣ—ਜੁਆਨ ਹੋਣ ਲਈ, ਉੱਡਣ ਖੇਡਣ ਲਈ, ਚੀਕ ਚਿਹਾੜਾ ਪਾਉਂਣ ਲਈ, ਬੱਚੇ ਜੰਮਣ ਲਈ, ਤੇ ਫੇਰ—ਫੇਰ ਕੀ? ਫੇਰ ਖੇਲ ਖਤਮ।

ਇਹ ਨੇ ਸਕੇਡੇ (Cicadas), ਖਾਸ ਕਰ ਨਸਲ-10 ਦੇ ਸਕੇਡੇ। ਦੁਨੀਆਂ ਵਿੱਚ 3000 ਤੋਂ ਵੱਧ ਕਿਸਮਾਂ ਨੇ ਸਕੇਡਿਆਂ ਦੀਆਂ, ਪਰ ਅਸੀਂ ਅੱਜ ਵਿਸ਼ੇਸ਼ ਤੌਰ ਤੇ ਨਸਲ-10 ਦੀ ਹੀ ਗੱਲ ਕਰਾਂਗੇ। ਇਹ ਸਕੇਡੇ ਲੰਬਾਈ ਵਿੱਚ ਇੱਕਤੋਂ ਡੇਢ ਇੰਚ ਤੀਕਰ ਹੁੰਦੇ ਹਨ, ਭੂਰੇ ਰੰਗ ਦੇ, ਅਤੇ ਵਿੱਚ ਕਾਲੇ ਰੰਗ ਦੇ ਨਿਸ਼ਾਨਾਂ ਵਾਲੇ, ਗੁੰਦਵੇਂ ਸਰੀਰ ਦੇ। ਇਹਨਾਂ ਦੀਆਂ ਪੰਜ ਅੱਖਾਂ ਹੁੰਦੀਆਂ ਹਨ- ਦੋ ਮੋਟੀਆਂ ਲਾਲ ਰੰਗ ਦੀਆਂ, ਵੇਖਣ ਵਾਲੀਆਂ, ਅਤੇ ਤਿੰਨ ਨਿੱਕੀਆਂ ਚਾਨਣ ਤੇ ਹਨੇਰੇ ਦੀ ਪਛਾਣ ਕਰਨ ਵਾਲੀਆਂ। ਸਿਰ ਤੇ ਨਿੱਕੇ ਨਿੱਕੇ ਐਂਟੀਨੇ ਅਤੇ ਸਰੀਰ ਤੇ ਮੱਖੀਆਂ ਵਾਂਗ ਚਾਰ ਖੰਭ ਹੁੰਦੇ ਹਨ। ਖੰਬਾਂ ਦਾ ਪਹਿਲਾ ਜੋੜਾ ਸਰੀਰ ਨਾਲੋਂ ਵੀ ਲੰਮਾ ਹੁੰਦਾ ਹੈ।

ਇਹਨਾਂ ਦਾ ਸਤਾਰਾਂ ਸਾਲਾ ਬਚਪਨ ਧਰਤੀ ਅੰਦਰ, ਰੁਖਾਂ ਦੀਆਂ ਜੜਾਂ ਵਿੱਚ ਨਿਕਲਦਾ ਹੈ।ਬੱਚੇ ਭੂਰੇ ਰੰਗ ਦੇ ਹੁੰਦੇ ਨੇ, ਵੱਡੇ ਸਕੇਡਿਆਂ ਦੀ ਸ਼ਕਲ ਦੇ। ਸਮਾਂ ਆਉਣ ਤੇ, ਇਕ ਬਿਲਕੁੱਲ ਠੀਕ ਵਰਤਮਾਨ ਤੇ ਇਹ, ਜਿਵੇਂ ਕਿਸੇ ਵੱਡੀ ਉਲੀਕੀ ਵਿਓਂਤ ਮੁਤਾਬਕ ਸੀਟੀ ਵੱਜਣ ਤੇ, ਇੱਕ ਦਮ ਇਕੱਠੇ ਬਾਹਰ ਨਿਕਲਦੇ ਨੇ। ਇਹਨਾਂ ਦੀ ਬਾਹਰਲੀ ਤਹਿ ਇੱਕ ਘੋਗੇ ਵਾਂਗ ਹੁੰਦੀ ਹੈ ਜਿਸਨੂੰ ਪਾੜ ਕੇ, ਦੁੱਧ ਚਿੱਟੇ ਰੰਗ, ਤੇ ਨਰਮ ਸਰੀਰ ਵਾਲਾ, ਜੁਆਨ ਹੋ ਰਿਹਾ ਸਕੇਡਾ ਬਾਹਰ ਨਿਕਲਦਾ ਹੈ, ਪਰ ਕੁੱਝ ਦਿਨਾਂ ਵਿੱਚ ਹੀ ਇਹ ਅਪਣੇ ਅਸਲੀ ਰੰਗ ਵਿੱਚ ਬਦਲ ਜਾਂਦਾ ਹੈ ਅਤੇ ਸਰੀਰ ਪਹਿਲਾਂ ਵਾਂਗੂੰ ਸਖਤ ਹੋ ਜਾਂਦਾ ਹੈ। ਨਰਾਂ ਦੇ ਸਰੀਰ ਵਿੱਚ ਦਰਜੀਆਂ ਦੀ ਉਂਗਲ ਬਚਾਉਣ ਵਾਲੀ ਟੋਪੀ (sewing thimble) ਵਰਗਾ ਇੱਕ ਸਾਜ਼ ਹੁੰਦਾ ਹੈ ਜਿਸ ਨਾਲ ਉਹ ਮਿਲਾਪ ਕਰਨ ਲਈ ਉੱਚੀ ਆਵਾਜ਼ ਵਿੱਚ ਮਾਦਾ ਨੂੰ ਵਾਜਾਂ ਮਾਰਦੇ ਨੇ।

ਸਕੇਡਿਆਂ ਦੀ ਆਵਾਜ਼ ਕਾਫੀ ਡੂੰਘੀ ਟਿੱਡਾ ਆਵਾਜ਼ ਹੁੰਦੀ ਹੈ ਤੇ ਜਦੋਂ ਉਹ ਹਜ਼ਾਰਾਂ ਦੀ ਗਿਣਤੀ ਵਿੱਚ ਇੱਠਿਆਂ ਮਾਦਾ ਸਕੇਡਿਆਂ ਦਾ ਧਿਆਨ ਖਿੱਚਣ ਲਈ ਚਿੱਲਾ ਰਹੇ ਹੁੰਦੇ ਹਨ ਤਾਂ ਇੰਜ ਲਗਦਾ ਹੈ ਜਿਵੇਂ ਕੋਈ ਲੜਾਕਾ ਜਹਾਜ਼ ਸਿਰਾਂ ਦੇ ਉੱਤੋ ਦੀ ਲੰਘ ਰਿਹਾ ਹੋਵੇ। ਮਾਦਾ ਸਕੇਡਿਆਂ ਵਿੱਚ ਆਵਾਜ਼ ਕੱਢਣ ਦੀ ਸਮਰੱਥਾ ਨਹੀਂ ਹੁੰਦੀ। ਨਰ ਧਰਤੀ ਵਿੱਚੋਂ ਪਹਿਲਾਂ ਬਾਹਰ ਨਿੱਕਲਕੇ ਮਾਦਾ ਸਕੇਡਿਆਂ ਨਾਲ ਮਿਲਾਪ ਲਈ ਤਿਆਰ ਬਰ ਤਿਆਰ ਹੋ ਜਾਂਦੇ ਹਨ। ਸਕੇਡਿਆਂ ਦੀ ਆਮਦ ਨਾਲ ਬਹੁਤ ਜਾਨਵਰਾਂ ਦੀ ਮੌਜ ਲੱਗਦੀ ਹੈ। ਪੰਛੀਆਂ ਦੀ ਤਾਂ ਦੋ ਹਫਤੇ ਦੀ ਪਾਰਟੀ ਸਮਝੋ; ਝੁੰਡਾਂ ਦੇ ਝੁੰਡ ਦ੍ਰਖਤਾਂ ਤੇ ਇਕੱਠੇ ਹੋ ਜਾਂਦੇ ਨੇ ਸਕੇਡਿਆਂ ਨੂੰ ਖਾਣ ਲਈ।

ਕਈ ਵਾਰ ਮੈਂ ਬਾਹਰ ਬੈਠਾ ਸਰਕਸ ਵੇਖਦਾ ਹੁੰਦਾ ਸਾਂ-ਉੱਡਦਿਆਂ ਸਕੇਡਿਆਂ ਨੂੰ ਫੜਨ ਲਈ ਚਿੱੜੀਆਂ ਦਾ ਪਿੱਛੇ ਉੱਡਣਾ ਅਤੇ ਸਕੇਡਿਆਂ ਦਾ ਹਰਕਾਈ ਮਾਰਕੇ ਬਚਣ ਦੀ ਕੋਸ਼ਿਸ਼ ਕਰਨਾ। ਕਦੀ ਕਦਾਂਈਂ ਕਿਸਮਤ ਨਾਲ ਕੋਈ ਸਕੇਡਾ ਬਚ ਵੀ ਨਿੱਕਲਦਾ, ਪਰ ਬਹੁਤੀ ਵਾਰ ਜਿੱਤ ਚਿੜੀ ਦੀ ਹੀ ਹੁੰਦੀ। ਪੰਛੀਆਂ ਤੋਂ ਬਿਨਾਂ, ਗਾਲੜ, ਰੈਕੂਨ, ਸੱਪ, ਚੂਹੇ, ਛਪਕਲੀਆਂ, ਕੁੱਤੇ, ਬਿੱਲੀਆਂ ਤੇ ਐਥੋਂ ਤੀਕਰ ਕਿ ਇਨਸਾਨ ਵੀ ਇਹਨਾਂ ਨੂੰ ਖਾਂਦੇ ਨੇ। ਸਕੇਡਿਆਂ ਦੀ ਅਰਬਾਂ ਖਰਬਾਂ ਦੀ ਗਿਣਤੀ ਹੀ ਇਸ ਨਸਲ ਦਾ ਇੱਕੋ ਮਹਿਜ਼ ਬਚਾ ਹੈ। ਬਹੁਤੇ ਤਾਂ ਧਰਤੀਓਂ ਨਿੱਕਲਦੇ ਸਾਰ ਹੀ ਮਾਰੇ ਜਾਂਦੇ ਨੇ। ਨਰ ਮਾਦਾ ਨਾਲ ਮਿਲਾਪ ਤੋਂ ਛੇਤੀ ਹੀ ਬਾਅਦ ਤੁਰ ਜਾਂਦੇ ਨੇ। ਬਹੁਤੀਆਂ ਸਕੇਡਾ ਮਾਵਾਂ ਅੰਡੇ ਦੇਕੇ ਉਹਨਾਂ ਚੋਂ ਲਾਰਵੇ ਨਿਕਲਦੇ ਵੇਖਣ ਤੋਂ ਪਹਿਲਾਂ ਹੀ ਮਾਰੀਆਂ ਜਾਂਦੀਆਂ ਨੇ।

ਪਰ ਜੋ ਵੀ ਹੈ, ਦੋ ਕੁ ਹਫਤਿਆਂ ਲਈ ਇਹ ਦੁਨੀਆਂ ਨੂੰ ਆਪਣੇ ਵਜੂਦ ਦਾ ਚੰਗਾ ਅਹਿਸਾਸ ਕਰਵਾ ਦਿੰਦੇ ਹਨ। ਰੋਜ਼ਮਰਾ ਦੀ ਜ਼ਿੰਦਗੀ ਤੇ ਕਾਫੀ ਅਸਰ ਪਾਂਉਂਦੇ ਨੇ। ਸਾਡੇ ਸਿਨਸਿਨੈਟੀ ਵਿੱਚ ਇੱਕ ਆਦਮੀ ਖੁੱਲੀ ਬਾਰੀ ਰੱਖ ਕੇ ਕਾਰ ਚਲਾ ਰਿਹਾ ਸੀ ਕਿ ਬਾਹਰੋਂ ਇੱਕ ਸਕੇਡਾ ਉਹਦੇ ਮੂੰਹ ਤੇ ਵੱਜਾ। ਨਤੀਜੇ ਵਜੋਂ ਹੋਏ ਐਕਸੀਡੈਂਟ ਵਿੱਚ ਵਿਚਾਰੇ ਦੀ ਕਾਰ ਪੂਰੀ ਤਰਾਂ ਭੰਨੀ ਗਈ। ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡਨ ਦੇ ਯੋਰਪ ਜਾਣ ਲੱਗਿਆਂ, ਉਹਦੇ ਜਹਾਜ਼ ਦੇ ਇੰਜਨ ਵਿੱਚ ਇੰਨੇ ਸਕੇਡੇ ਆ ਵੜੇੇ ਕਿ ਉਹਦੇ ਲਈ ਦੂਜਾ ਜਹਾਜ਼ ਲਿਆਉਣਾ ਪਿਆ।
ਦੋ ਤਿੰਨ ਹਫਤੇ ਦਾ ਹੱਲਾ ਗੁੱਲਾ ਤੇ ਫਿਰ ਇਹ ਸਤਾਰਾਂ ਸਾਲ ਲਈ, ਧਰਤੀ ਅੰਦਰ ਚਲੇ ਜਾਂਦੇ ਨੇ, ਸਭ ਦੀਆਂ ਨਜ਼ਰਾਂ ਤੋਂ ਉਹਲੇ।

Story – From the Other End

ਪੰਜਾਬੀ ਲਈ ਕਲਿੱਕ ਕਰੋ

A long time ago, as long-time-ago as 1973. I was in college—in the second year of my B. Sc. at the Punjab Agricultural University Ludhiana. There were many more, thousands more, like me, pursuing various degrees. Many were rough on the edges, villagers, others the cultured urban. Many were singularly focused on their goal – ‘get your degree and get out,’ kind and the others— prolong the wondrous college life as far as possible’ type, loafers. Many were gregarious–the hearts of the parties, and many— the reticent daydreamers.  Many came from faraway places to inhabit the hostels and many locals—‘the day-scholars’. It was a colorful atmosphere, the kind one would expect in a university. The memories of those days: of the long-walks through the fields, of running through the grounds, of being bashfulness in the company of the opposite sex; of toiling through the nights before exams; and many others, are the memories I am hoarding as treasures for the company, in the old days.

(more…)

ਕਹਾਣੀ ਦੂਜੇ ਬੰਨਿਓਂ

The English Version

ਬਹੁਤ ਦੇਰ ਦੀ ਗੱਲ ਹੈ, ਪੁਰਾਣੀ ਗੱਲ, ਸਾਲ 1973 ਜਿੰਨੀ ਪੁਰਾਣੀ। ਮੈਂ ਲੁਧਿਆਣੇ ਸਾਂ, ਪੰਜਾਬ ਐਗਰੀਕਲਚਰੱਲ ਯੂਨੀਵਰਸਿਟੀ ਵਿੱਚ, ‘ਬੀ ਐਸ ਸੀ’ ਕਰ ਰਿਹਾ।ਮੇਰੇ ਵਰਗੇ ਹੋਰ ਬਹੁਤ ਸਨ ਉਥੇ, ਸੈਕੜੇ ਹੋਰ, ਕਈ ਪਿੰਡਾਂ ਤੋਂ, ਕਈ ਸ਼ਹਿਰਾਂ ਤੋਂ, ਕਈ ਪੜਾਕੂ ਕਿਸਮ ਦੇ ਤੇ ਕਈ ਪੂਰੇ ਮੌਜੂ, ਕਈ ਆਸ਼ਕ ਮਿਜਾਜ਼ ਤੇ ਕਈ ਖੁਰਦਰੀਆਂ ਤਬੀਅਤਾਂ ਵਾਲੇ, ਕਈ ਮਹਿਫਿਲਾਂ ਦੇ ਦਿਲਾਂ ਦੀ ਧੜਕਣ ਤੇ ਕਈ ਆਪਣੀ ਹੀ ਦੁਨੀਆਂ ਚ ਮਸਤ ਰਹਿਣ ਵਾਲੇ। ਬਹੁਤੇ ਹੋਸਟਲਾਂ ਵਿੱਚ ਰਹਿਣ ਵਾਲੇ ਸਨ ਤੇ ਬਾਕੀ ਡੇ-ਸਕਾਲਰਜ਼, ਹਰਰੋਜ਼ ਘਰੋਂ ਪੜਨ ਆਉਣ ਵਾਲੇ। ਰੰਗ ਬਰੰਗਾ ਮਹੌਲ ਸੀ, ਬਿੱਲਕੁਲ ਉਂਵੇਂਦਾ, ਜਿਵੇਂਦਾ ਹੋਣਾ ਚਾਹੀਦਾ ਹੈ, ਕਿਸੇ ਵੀ ਯੂਨੀਵਰਸਿਟੀ ਵਿੱਚ। ਉਹ ਯਾਦਾਂ, ਸ਼ਾਮ ਵੇਲੇ ਯੂਨੀਵਰਸਿਟੀ ਦੇ ਖੇਤਾਂ ਵਿਚਕਾਰਲੀ ਪਹੀ ਉੱਤੇ ਲੰਮੀਆਂ ਸੈਰਾਂ ਦੀਆਂ, ਗਰਾਂਊਂਡਾਂ ਵਿੱਚ ਭੱਜਿਆਂ ਫਿਰਨ ਦੀਆਂ, ਕੁੜੀਆਂ ਤੋਂ ਸੰਗਣ ਦੀਆਂ, ਇਮਤਿਹਾਨਾਂ ਵਾਲੀਆਂ ਰਾਤਾਂ ਨੂੰ ਜਾਗਣ ਦੀਆਂ, ਅਤੇ ਹੋਰ ਅਨੇਕਾਂ ਤਰਾਂ ਦੀਆਂ, – ਯਾਦਾਂ ਮੇਰੀਆਂ ਬੁਢਾਪੇ ਲਈ ਸਾਂਭ ਰੱਖੀ ਪੂੰਜੀ।
(more…)

ਕਰੋਨਾ ਲਾਕਡਾਊਨ ਦੌਰਾਨ ਅਮਰੀਕੀ ਪੰਜਾਬੀ ਦੀ ਡਾਇਰੀ ਦੇ ਪੰਨੇ (ਅੰਕ ਤੀਜਾ)

ਲੜੀ ਜੋੜਨ ਲਈ ਪਿਛਲਾ ਅੰਕ For English Version
ਪੰਜ ਅਪ੍ਰੈਲ 2020

ਮੋਦੀ ਨੇ ਸਾਰੇ ਭਾਰਤ ਨੂੰ ਬਿਜਲੀ ਬੰਦ ਕਰਕੇ, ਇਕੱਠਿਆਂ 9 ਵਜੇ, 9 ਮਿੰਟਾਂ ਲਈ ਦੀਵੇ ਜਗਾਉਣ ਲਈ ਸੱਦਾ ਦਿੱਤਾ ਹੈ। ਕਾਫੀ ਪੁੱਠੇ ਸਿੱਧੇ ਵਿਵਾਦ ਹੋਏ ਹਨ ਇਸ ਵਿਸ਼ੇ ਤੇ। ਮੋਦੀ ਦੇ ਵਿਰੋਧੀ ਮੋਦੀ ਦਾ ਮਖੌਲ ਉਡਾਣ ਲੱਗੇ ਹਨ, ਅਖੇ ਦੀਵਿਆਂ ਦਾ ਬਿਮਾਰੀ ਨਾਲ ਕੀ ਸੰਬੰਧ ਹੋਇਆ। ਦੂਜੇ ਬੰਨੇ ਕਈ ਮੋਦੀ ਦੇ ਉਪਾਸ਼ਕ ਅਤੇ ਧਰਮ ਵਿਸ਼ਵਾਸ਼ੀ ਇਸ ਘੜੀ ਨੂੰ ਐਸਟਰੌਲੋਜੀ ਨਾਲ ਜੋੜ ਕੇ ਇਸ ਕਿਰਿਆ ਨੂੰ ਗੈਬੀ ਸ਼ਕਤੀ ਦਾ ਰੂਪ ਦੇ ਰਹੇ ਹਨ।

(more…)

Pages from my diary during Corona Lockdown – (Chapter 3)

Previous ChapterPunjabi Version
April 5, 2020

Today, Prime minister Modi has asked all Indians to turn off all electricity and light lamps for nine minutes at 9 PM. There have been many exciting and hot discussions about his call. His opponents vigorously questioned the relationship between coronavirus and the lighting of the lamps. The religious among his ardent supporters, on the other hand, by associating the event with astrology, have tried to color the event with supernatural powers.

(more…)

ਕਰੋਨਾ ਲਾਕਡਾਊਨ ਦੌਰਾਨ ਅਮਰੀਕੀ ਪੰਜਾਬੀ ਦੀ ਡਾਇਰੀ ਦੇ ਪੰਨੇ (ਅੰਕ ਦੂਜਾ)

11 ਮਾਰਚ 2020 (ਲੜੀ ਜੋੜਨ ਲਈ ਪਹਿਲਾ ਅੰਕ)                    Click For English
ਮੈਂ ਬਾਹਰ ਤਿਆਰ ਬਰ ਤਿਆਰ ਕੈਮਰਾ ਫੜੀ, ਗਾਲੜ ਦੀ ਤਾਕ ਵਿੱਚ ਬੈਠਾ ਹਾਂ, ਪਰ ਲੱਗਦਾ ਏ ਉਹ ਜਿਵੇ ਕਿਸੇ ਰਿਸ਼ਤੇ ਦਾਰੀ ਚ ਮਿਲਣ ਗਿਆ ਹੋਵੇ। ਬੱਦਲਵਾਈ ਤੇ ਠੰਡ ਹੈ ਐਸ ਵਾਰ ਬਹਾਰ ਦੀ ਤੀਬਰਤਾ ਨਾਲ ਉਡੀਕ ਹੈ। ਥੋੜੀ ਗਰਮੀ ਨਾਲ ਸ਼ਾਇਦ ਇਹ ਵਾਇਰਸ ਖਤਮ ਹੀ ਹੋ ਜਾਵੇ, ਤੇ ਸ਼ਾਇਦ ਮੌਸਮ ਬਦਲਣ ਨਾਲ ਲੋਕਾਂ ਦਾ ਧਿਆਨ ਇਸ ਹਨੇਰੇ ਤੋਂ ਪਰੇ ਹਟ ਜਾਵੇ। ਮੇਰੀ ਨਿਗਾਹ ਲਾਅਨ ਦੇ ਕੰਢੇ ਤੇ ਲੱਗੇ ਪੱਤਿਓਂ ਵਿਹੂਣੇ ਦ੍ਰਖਤਾਂ ਤੇ ਪੈਂਦੀ ਹੈ।

undefinedundefined
11 ਮਾਰਚ: ਘਰ ਦੇ ਪਿਛਲੇ ਪਾਸੇੇ ਪੱਤੇਹੀਣ ਦ੍ਰਖਤਾਂ ਦੀ ਕਤਾਰ (ਖੱਬੇ) ਤੇ ਪੱਤੇਹੀਣ ਬਰੈਡਫੋਰਡ ਪੇਅਰ (ਸੱਜੇ)

ਵਟਸਐਪ ਤੇ ਸੈਕੜੇ ਨਵੇਂ ਐਕਟਰ, ਪਰੋਡਿਊਸਰ ਅਤੇ ਕਰੋਨਾ ਵਾਇਰਸ ਦੇ ਮਾਹਰ ਪੈਦਾ ਹੋ ਗਏ ਹਨ। ਟ੍ਰੰਪ, ਮੋਦੀ ਦੀਆਂ ਪੈਰੋਡੀਆਂ ਬਣ ਗਈਆਂ ਹਨ, ਲਾਕਡਾਊਨ ਨਾਲ ਘਰੇ ਘਿਰੇ ਮਰਦਾਂ ਉਤੇ ਔਰਤਾਂ ਦੀ ਬੇਰਹਿਮੀ ਦੇ ਚੁਟਕਲੇ ਆਉਣ ਲੱਗ ਪਏ ਹਨ, ਉਹਨਾਂ ਮਰਦਾਂ ਦੇ ਜਿਹਨਾਂ ਨੂੰ ਕਦੀ ਘਰਦੇ ਕੰਮ ਦਾ ਕਦੇ ਕੋਈ ਅਹਿਸਾਸ ਨਹੀਂ ਸੀ ਹੋਇਆਂ, ਝਾੜੂ ਮਾਰਦਿਆਂ ਅਤੇ ਭਾਂਡੇ ਮਾਂਜਦਿਆਂ ਦੇ ਵੀਡੀਓ ਆ ਰਹੇ ਨੇ। ਪੁਰਾਣੇ ਗੀਤਾਂ ਦੀਆਂ ਤਰਜ਼ਾ ਉੱਤੇ ਕਰੋਨਾ ਦੇ ਗੀਤ ਬਣ ਗਏ, ਧਾਰਮਿਕ ਬੰਦਿਆਂ ਵੱਲੋਂ ਅਰਦਾਸਾਂ ਅਤੇ ਰੱਬ ਦੀ ਸ਼ਕਤੀ ਦੇ ਬਿਆਨਾਂ ਦੀ ਭਰਮਾਰ ਲੱਗ ਗਈ ਹੈ।ਵਟਸਐਪ ਇੱਕ ਯੂਨਵਿਰਸਿਟੀ ਬਣ ਚੁੱਕੀ ਹੈ ਜਿਸ ਵਿੱਚ ਹਜ਼ਾਰਾਂ ਉਹ ਵਿਦਵਾਨ ਜਿਹਨਾਂ ਨੇ ਕਦੇ ਸਾਇੰਸ ਦੀ ਇੱਕ ਕਿਤਾਬ ਵੀ ਨਹੀਂ ਪੜੀ ਹੋਣੀ, ਬਿਮਾਰੀ ਦੇ ਇਲਾਜ ਦੇ ਨੁਸਖੇ ਦੱਸ ਰਹੇ ਹਨ। ਇੱਕ ਦਿਨ ਅਜਿਹੇ ਦੱਸੇ ਇੱਕ ਨੁਕਤੇ ਕਾਰਨ ਇਰਾਨ ਚ ਸਪ੍ਰਿਟ ਪੀਣ ਨਾਲ ਹੋਈਆਂ ਸੈਕੜੇ ਮੌਤਾਂ ਦੀ ਖਬਰ ਲੱਗੀ ਹੋਈ ਸਾਹਮਣੇ ਆਉਂਦੀ ਹੈ।ਸਿੱਖਾਂ ਦੇ ਦੁਨੀਆਂ ਭਰ ਵਿੱਚ ਲਾਏ ਲੰਗਰਾਂ ਦੀ ਭਰਪੂਰ ਸ਼ਲਾਘਾ ਸੁਣ ਕੇ ਖੁਦ ਦਾ ਸਿੱਖ ਹੋਣਾਂ ਚੰਗਾ ਚੰਗਾ ਲੱਗਣ ਲੱਗ ਪਿਆ ਹੈ।
29 ਮਾਰਚ 2020:
ਸਾਡੀ ਬਰੈਡਫੋਰਡ ਪੇਅਰ ਫੁੱਲਾਂ ਨਾਲ ਭਰ ਚੁੱਕੀ ਹੈ. ਪਿਛਲੇ ਦ੍ਰਖਤਾਂ ਦੀ ਕਤਾਰ ਵਿੱਚ ਲੰਮੇ ਰੁੱਖ ਤਾਂ ਹਾਲੇ ਖਾਲੀ ਹੀ ਹਨ, ਪਰ ਨੀਵੇਂ ਵਾਲੇ ਪੱਤਿਆਂ ਨਾਲ ਭਰ ਚੁੱਕੇ ਹਨ। ਜਦੋਂ ਮੈਂ ਫੋਟੋਆਂ ਲੈਣ ਲੱਗਾ ਸਾਂ ਤਾਂ ਮੂਹਰੇ ਖੜੇ ਪੱਤਿਓਂ ਵੀਹੂਣੇ ਆੜੂ ਦੇ ਦ੍ਰਖਤ ਨੂੰ ਨੋਟ ਹੀ ਨਹੀਂ ਸੀ ਕੀਤਾ, ਹੁਣ ਕਿਵੇਂ ਫੁਲਾਂ ਨਾਲ ਭਰਿਆ ਸਾਰਾ ਧਿਆਨ ਆਪਣੇ ਵੱਲ ਖਿੱਚ ਰਿਹਾ ਹੈ। ਕਰੋਨਾ ਵਾਇਰਸ ਜਿਹੀ ਨਿੱਕੀ ਜਿਹੀ ਚੀਜ਼ ਨੇ ਕਿਵੇਂ ਦੁਨੀਆਂ ਦੀ ਚਾਲ ਬਦਲ ਦਿੱਤੀ ਹੈ।ਦੁਨੀਆਂ ਭਰ ਦੀਆਂ ਸੜਕਾਂ ਖਾਲੀ ਹੋ ਗਈਆਂ ਨੇ, ਪ੍ਰਦੂਸ਼ਣ ਕਰਨ ਵਾਲੀਆਂ ਫੈਕਟਰੀਆਂ ਬੰਦ ਪਈਆਂ ਨੇ, ਵਾਤਾਵਰਣ ਐਨਾ ਸਾਫ ਹੋ ਗਿਆ ਹੈ ਕਿ, ਲੁਧਿਆਣੇ, ਜਲੰਧਰ ਦੀਆਂ ਦੂਰੀਆਂ ਤੋਂ ਇੱਕ ਵਾਰ ਫੇਰ ਨੰਗੀ ਅੱਖ ਨਾਲ ਹਿਮਾਲਾ ਪ੍ਰਬਤ ਦਿੱਸਣ ਲੱਗ ਪਿਆ ਹੈ। ਪੰਛੀਆਂ ਦੀ ਚਹਿ ਚਹਾਕ ਕਿੰਨੀ ਸਾਫ ਸੁਣਾਈ ਦੇਣ ਲੱਗ ਪਈ ਹੈ।ਜਿਹੜੇ ਜੰਗਲੀ ਜਾਨਵਰ ਮਨੁੱਖਤਾ ਦੀ ਮੌਜੂਦਗੀ ਕਾਰਨ ਲੁਕੇ ਰਹਿੰਦੇ ਸਨ ਤੇ ਲੋਕਾਂ ਨੂੰ ਉਹਨਾਂ ਦੇ ਇਰਦ ਗਿਰਦ ਹੋਂਣ ਦਾ ਅਹਿਸਾਸ ਵੀ ਨਹੀਂ ਸੀ, ਹੁਣ ਬਾਹਰ ਆਉਣ ਦੀ ਹਿੰਮਤ ਕਰ ਰਹੇ ਨੇ। ਪਰ ਅਣੋਖੀ ਗੱਲ ਇਹ ਹੈ ਕਿ ਉਧਰੋਂ ਹਵਾ ਸਾਫ ਹੋਣ ਲੱਗ ਪਈ ਹੈ ਤੇ ਐਧਰੋਂ ਮਨੁੱਖ ਨੂੰ ਮਾਸਕ ਪਾਕੇ ਬਾਹਰ ਨਿੱਕਲਣਾ ਪੈ ਰਿਹਾ ਹੈ।

undefinedundefined
29 ਮਾਰਚ ਪਿਛਲੀ ਰੁੱਖਾਂ ਦੀ ਕਤਾਰ ਮੂਹਰੇ ਆੜੂ (ਖੱਬੇ), ਤੇ ਫੁੱਲਾਂ ਭਰੀ ਬਰੈਡਫੋਰਡ ਪੇਅਰ (ਸੱਜੇ)


ਪਿਛਲੇ ਮਹੀਨੇ ਮਨੁੱਖ ਦੀ ਬਣਤਰ ਦੇ ਦੋਵਾਂ ਸਿਰਿਆਂ ਨੂੰ ਗੌਹ ਨਾਲ ਵੇਖਣ ਦਾ ਮੌਕਾ ਮਿਲਿਆ। ਜਿੱਥੇ ਜਾਨਾਂ ਦੀ ਬਾਜ਼ੀ ਲਾਕੇ ਲੋੜਵੰਦਾਂ ਲਈ ਹਜ਼ਾਰਾਂ ਦੀ ਗਿਣਤੀ ਵਿੱਚ ਰੋਜ਼ਾਨਾਂ ਲੰਗਰ ਖੁਆਉਣ ਨਾਲ ਇਨਸਾਨ ਦੇ ਚੰਗੇ ਪਹਿਲੂ ਸਾਹਮਣੇ ਆਏ, ਉਥੇ ਮਨੁੱਖ ਦੇ ਕਈ ਸਵਾਰਥੀ ਤੇ ਘਿਨਾਉਣੇ ਪੱਖਾਂ ਤੇ ਵੀ ਸਿੱਧੀ ਝਲਕ ਪਈ। ਸੁਣਿਆ ਸੀ ਸਿੱਖ ਹਰਮੰਦਰ ਸਾਹਿਬ ਦੇ ਰਾਗੀ ਸਿੰਘਾ ਦਾ ਬੇਹੱਦ ਸਤਿਕਾਰ ਕਰਦੇ ਹਨ ਪਰ ਵੇਰਕਾ ਪਿੰਡ ਦੇ ਲੋਕਾਂ ਨੇ ਹਰਮੰਦਰ ਸਾਹਿਬ ਦੇ ਨਾਮੀ ਹਜ਼ੂਰੀ ਰਾਗੀ, ਭਾਈ ਨਿਰਮਲ ਸਿੰਘ ਦਾ ਪਿੰਡ ਦੀ ਸ਼ਮਸ਼ਾਨ ਵਿੱਚ ਸੰਸਕਾਰ ਵੀ ਨਹੀਂ ਹੋਣ ਦਿੱਤਾ। ਅਖੀਰ ਉਹਨਾਂ ਦਾ ਸੰਸਕਾਰ ਪਿੰਡ ਤੋਂ ਦੁਰਾਡੇ ਇੱਕ ਅਨਜਾਣੀ ਥਾਂ ਵਿੱਚ ਕਰਨਾਂ ਪਿਆ। ਜਿਹੜੀ ਪੁਲੀਸ ਲੋਕਾਂ ਦੀ ਆਪਣੀ ਭਲਾਈ ਲਈ, ਉਹਨਾਂ ਨੂੰ ਅੰਦਰ ਰੱਖਣ ਦੀ ਕੋਸ਼ਿਸ਼ ਕਰ ਰਹੀ ਹੈ, ਉਸ ਪੁਲੀਸ ਨੂੰ ਉਹੀ ਲੋਕ ਪੱਥਰ ਮਾਰ ਰਹੇ ਹਨ। ਮੁਲਕ ਕੋਲ ਡਾਕਟਰਾਂ ਤੇ ਨਰਸਾਂ ਦੇ ਬਚਾਅ ਲਈ ਲੋੜੀਂਦੀ ਤਾਦਾਦ ਵਿੱਚ ਮਾਸਕਾਂ ਅਤੇ ਹੋਰ ਜ਼ਰੁਰੀ ਚੀਜ਼ਾਂ ਨਹੀਂ ਹਨ, ਪਰ ਉਹ ਵਿਚਾਰੇ ਫੇਰ ਵੀ ਜਾਨ ਤਲੀ ਤੇ ਧਰ ਕੇ ਮਰੀਜ਼ਾਂ ਦਾ ਇਲਾਜ ਕਰ ਰਹੇ ਹਨ। ਦੂਜੇ ਪਾਸੇ ਮਕਾਨ ਮਾਲਕਾਂ ਵੱਲੋਂ ਡਾਕਟਰਾਂ ਤੇ ਨਰਸਾਂ ਨੂੰ ਕਿਰਾਏ ਦੇ ਘਰਾਂ ਵਿਚੋਂ ਖਦੇੜ ਕੇ ਸੜਕਾਂ ਤੇ ਸੁੱਟਿਆ ਜਾ ਰਿਹਾ ਹੈ, ਐਸ ਡਰੋਂ ਕਿ ਉਹ ਕਿਤੇ ਹਸਪਤਾਲਾਂ ਚੋਂ ਬਿਮਾਰੀ ਘਰੇ ਨਾਂ ਲਈ ਆਉਣ। ਲੋੜ ਵੇਲੇ ਲੋਕੀ ਜਿਹੜੇ ਡਾਕਟਰਾਂ ਨੂੰ ਦੇਵਤਿਆਂ ਵਾਂਗੂੰ ਪੂਜਦੇ ਸਨ, ਹੁਣ ਉਹ ਉਹਨਾਂ ਡਾਕਟਰਾਂ ਨੂੰ ਹੀ ਅਛੂਤਾਂ ਵਾਂਗ ਦੁਰਕਾਰ ਰਹੇ ਨੇ।
ਜਦੋਂ ਲੋਕੀ ਘਰੇ ਬੈਠ ਕੇ ਟੀਵੀ ਤੇ ਨਵੀਆਂ ਫਿਲਮਾਂ ਤੇ ਸ਼ੋਆਂ ਨਾਲ ਮਨੋਰੰਜਨ ਕਰ ਸਕਦੇ ਨੇ ਤਾਂ ਫਿਲਮਾਂ ਤੇ ਸੋਪ ਓਪਰੇ ਬਨਣੇ ਬੰਦ ਹੋ ਗਏ, ਦੁਨੀਆਂ ਦੀਆਂ ਸਾਰੀਆਂ ਵੱਡੀਆਂ ਖੇਡ ਲੀਗਾਂ ਦੇ ਪ੍ਰੋਗਰਾਮ ਧਰੇ ਦੇ ਧਰੇ ਰਹਿ ਗਏ। ਟੋਕੀਓ ਦੀਆਂ ਉਲਿੰਪਿਕ ਖੇਡਾਂ ਪੋਸਟਪੋਨ ਹੋ ਗਈਆਂ। 130 ਕਰੋੜ ਦੀ ਆਬਾਦੀ ਵਾਲੇ ਹਿੰਦੁਸਤਾਨ ਵਿੱਚ 21 ਦਿਨ ਲਈ ਚੱਕਾ ਤਾਂ ਕੀ, ਪੈਰ ਜਾਮ ਹੋ ਗਿਆ ਹੈ। ਸਭ ਤੋਂ ਵਧੀਆ ਸਿਹਤ ਪ੍ਰਬੰਧ ਵਾਲੇ ਮੁਲਕ ਅਮਰੀਕਾ ਵਿੱਚ ਕਰੋਨਾ ਦੇ ਮਰੀਜ਼ਾਂ ਦੀ ਗਿਣਤੀ ਦੁਨੀਆਂ ਦੇ ਸਾਰੇ ਦੇਸ਼ਾਂ ਨਾਲੋਂ ਵਧ ਗਈ ਹੈ, ਅਤੇ ਮੁਲਕ ਕੋਲ ਲੋੜੀਂਦੀਆਂ ਮਾਸਕਾਂ ਤੇ ਵੈਂਟੀਲੇਟਰਾਂ ਦੀ ਘਾਟ ਹੈ। ਸਰਕਾਰ ਨੂੰ ਲੋਕ ਭਲਾਈ ਅਤੇ ਮੁਲਕ ਦੀ ਆਰਥਕਤਾ ਨੂੰ ਬਚਾਉਣ ਲਈ ਕਿਸੇ ਖੂੰਜਿਓ 3,000 ਖਰਬ ਡਾਲਰ ਕੱਢਣਾ ਪੈ ਰਿਹਾ ਹੈ।

2 ਅਪਰੈਲ, 2020
ਅੱਜ ਸਾਡੇ ਮਾਤਾ ਜੀ ਸੁਰਜੀਤ ਕੌਰ 83 ਸਾਲ ਦੇ ਹੋ ਗਏ ਨੇ।ਉਹ ਬਾਹਰ ਬੈਠੇ ਚਿੜੀਆਂ ਨੂੰ ਦਾਣੇ ਖਾਂਦੀਆਂ ਵੇਖ ਰਹੇ ਸਨ।ਮੈਂ ਕਿਹਾ ਚੱਲੋ ਗਾਲੜ ਨਾਂ ਸਹੀ, ਕਿਸੇ ਚਿੜੀ ਨੂੰ ਹੀ ਕਾਬੂ ਕਰੀਏ। ਅੱਜ ਕਿਸਮਤ ਠੀਕ ਰਹੀ, ਦੋ ਚਿੜੀਆਂ ਦੀ ਫੋਟੋ ਖਿੱਚ ਲਈ ਤੇ ਚਿੜੀਆਂ ਨੂੰ ਪਤਾ ਵੀ ਨਹੀਂ ਲੱਗਿਆ। ਬੀਬੀ ਜੀ ਦਾ ਜਨਮ ਦਿਨ ਹੈ ਸੋ ਅੱਜ ਖਾਣਾ ਬੀਬੀ ਜੀ ਦੇ ਮਨ ਪਸੰਦ ਦਾ ਬਣੇਗਾ। ਬੀਬੀ ਜੀ ਨੇ ਛੋਲੇ ਪੂਰੀਆਂ ਦੇ ਨਾਲ ਹਲਵੇ ਦੀ ਫਰਮਾਇਸ਼ ਕੀਤੀ। ਜਨਮਦਿਨ ਤੇ ਬਾਹਰੋਂ ਕੇਕ ਨਹੀਂ ਲਿਆ ਸਕਦੇ, ਇਸ ਕਰਕੇ ਮੇਰੇ ਧਰਮ ਪਤਨੀ ਮਨਜੀਤ ਕੌਰ ਨੇ ਹਲਵੇ ਦਾ ਕੇਕ ਬਣਾ ਕੇ ਡੋਨਟ ਦੀ ਸ਼ਕਲ ਵਿੱਚ ਪੇਸ਼ ਕੀਤਾ।

ਬੀਬੀ ਜੀ ਦੇ 83ਵੇਂ ਜਨਮ ਦਿਨ ਦਾ ਕੜਾਹ ਕੇਕ ਅਤੇ ਚੋਗਾ ਖਾਂਦੀਆਂ ਚਿੜੀਆਂ

(ਅਗਲੇ ਅੰਕ ਲਈ ਕਲਿੱਕ ਕਰੋ)